India Others

ਹਰਿਆਣਾ ‘ਚ ਅੱਜ ਕਿਸਦੀ ਬਣੇਗੀ ਸਰਕਾਰ, ਰੁਝਾਨ ਆਉਣੇ ਸ਼ੁਰੂ

ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ ਦੀ ਗਿਣਤੀ ਅੱਜ (ਮੰਗਲਵਾਰ) ਸਵੇਰੇ 8 ਵਜੇ ਤੋਂ ਸ਼ੁਰੂ ਹੋ ਗਈ ਹੈ। ਚੋਣਾਂ ਦੇ ਰੁਝਾਨ ਆਉਣੇ ਸ਼ੁਰੂ ਹੋ ਗਏ ਹਨ। 22 ਜ਼ਿਲ੍ਹਿਆਂ ਵਿੱਚ 93 ਗਿਣਤੀ ਕੇਂਦਰ ਬਣਾਏ ਗਏ ਹਨ। ਬਾਦਸ਼ਾਹਪੁਰ, ਗੁਰੂਗ੍ਰਾਮ ਅਤੇ ਪਟੌਦੀ ਵਿਧਾਨ ਸਭਾ ਸੀਟਾਂ ਦੀ ਗਿਣਤੀ ਲਈ ਦੋ-ਦੋ ਅਤੇ ਬਾਕੀ 87 ਸੀਟਾਂ ਲਈ ਇੱਕ-ਇੱਕ ਕੇਂਦਰ ਬਣਾਏ ਗਏ ਹਨ। 5 ਅਕਤੂਬਰ ਨੂੰ ਹੋਈਆਂ ਚੋਣਾਂ ‘ਚ ਸੂਬੇ ‘ਚ 67.90 ਫੀਸਦੀ ਵੋਟਿੰਗ ਹੋਈ ਸੀ, ਜੋ ਪਿਛਲੀਆਂ ਚੋਣਾਂ ਨਾਲੋਂ 0.03 ਫੀਸਦੀ ਘੱਟ ਹੈ। ਦੇਸ਼ ਦੀਆਂ 13 ਏਜੰਸੀਆਂ ਦੇ ਐਗਜ਼ਿਟ ਪੋਲ ਮੁਤਾਬਕ ਹਰਿਆਣਾ ਵਿੱਚ ਕਾਂਗਰਸ ਦੀ ਸਰਕਾਰ ਬਣਦੀ ਨਜ਼ਰ ਆ ਰਹੀ ਹੈ। ਕਾਂਗਰਸ ਨੂੰ 50 ਤੋਂ 55 ਸੀਟਾਂ ਮਿਲ ਸਕਦੀਆਂ ਹਨ। ਪਰ ਹਰਿਆਣਾ ਵਿੱਚ ਰੁਝਾਨ ਭਾਜਪਾ ਦੇ ਹੱਕ ਵਿੱਚ ਜਾ ਰਿਹਾ ਹੈ। ਇਸ ਦੇ ਨਾਲ ਹੀ ਜੰਮੂ-ਕਸ਼ਮੀਰ ਦੀਆਂ 90 ਵਿਧਾਨ ਸਭਾ ਸੀਟਾਂ ਦੇ ਨਤੀਜੇ ਵੀ ਅੱਜ ਆਉਣਗੇ। ਸਵੇਰੇ 8 ਵਜੇ ਤੋਂ ਗਿਣਤੀ ਸ਼ੁਰੂ ਹੋਵੇਗੀ। ਸ਼ਾਮ ਤੱਕ ਸਾਰੀਆਂ ਸੀਟਾਂ ਦੀ ਗਿਣਤੀ ਪੂਰੀ ਕਰ ਲਈ ਜਾਵੇਗੀ। ਹਾਲਾਂਕਿ ਦੁਪਹਿਰ 12 ਵਜੇ ਤੱਕ ਦੇ ਰੁਝਾਨਾਂ ਤੋਂ ਇਹ ਸਪੱਸ਼ਟ ਹੋ ਜਾਵੇਗਾ ਕਿ 10 ਸਾਲ ਬਾਅਦ ਸਰਕਾਰ ਕਿਸ ਦੀ ਬਣੇਗੀ। ਬਹੁਮਤ ਲਈ 46 ਸੀਟਾਂ ਦੀ ਲੋੜ ਹੈ। ਜੰਮੂ-ਕਸ਼ਮੀਰ ‘ਚ 18 ਸਤੰਬਰ ਤੋਂ 1 ਅਕਤੂਬਰ ਤੱਕ 3 ਪੜਾਵਾਂ ‘ਚ 63.88 ਫੀਸਦੀ ਵੋਟਿੰਗ ਹੋਈ। 10 ਸਾਲ ਪਹਿਲਾਂ ਹੋਈਆਂ ਪਿਛਲੀਆਂ ਚੋਣਾਂ ਯਾਨੀ 2014 ‘ਚ 65 ਫੀਸਦੀ ਵੋਟਿੰਗ ਹੋਈ ਸੀ, ਮਤਲਬ ਇਸ ਵਾਰ 1.12 ਫੀਸਦੀ ਘੱਟ ਵੋਟਿੰਗ ਹੋਈ ਸੀ। ਨੈਸ਼ਨਲ ਕਾਨਫਰੰਸ, ਕਾਂਗਰਸ, ਭਾਜਪਾ ਅਤੇ ਪੀਡੀਪੀ ਤੋਂ ਇਲਾਵਾ ਛੋਟੀਆਂ ਪਾਰਟੀਆਂ ਮੁਕਾਬਲੇ ਵਿੱਚ ਹਨ।