ਨਵੀਂ ਦਿੱਲੀ (16 ਮਾਰਚ, 2026): ਦੇਸ਼ ਵਿੱਚ ਆਮ ਆਦਮੀ ਦੀ ਜੇਬ ’ਤੇ ਬੋਝ ਲਗਾਤਾਰ ਵਧਦਾ ਜਾ ਰਿਹਾ ਹੈ। ਫਰਵਰੀ ਮਹੀਨੇ ਵਿੱਚ ਥੋਕ ਮਹਿੰਗਾਈ ਦਰ (WPI) ਵਧ ਕੇ 2.13% ’ਤੇ ਪਹੁੰਚ ਗਈ ਹੈ, ਜੋ ਕਿ ਪਿਛਲੇ 12 ਮਹੀਨਿਆਂ ਦਾ ਸਭ ਤੋਂ ਉੱਚਾ ਪੱਧਰ ਹੈ। ਵਣਜ ਮੰਤਰਾਲੇ ਵੱਲੋਂ ਅੱਜ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ, ਜਨਵਰੀ ਵਿੱਚ ਇਹ ਦਰ 1.81% ਸੀ, ਜਦੋਂ ਕਿ ਦਸੰਬਰ ਵਿੱਚ ਇਹ ਸਿਰਫ਼ 0.83% ’ਤੇ ਸੀ।
ਜੰਗ ਦਾ ਅਸਰ ਅਤੇ ਮਾਹਿਰਾਂ ਦੀ ਚਿੰਤਾ
ਆਰਥਿਕ ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਅਮਰੀਕਾ-ਇਜ਼ਰਾਈਲ ਅਤੇ ਇਰਾਨ ਵਿਚਾਲੇ ਚੱਲ ਰਹੀ ਜੰਗ ਲੰਬੀ ਖਿੱਚੀ ਜਾਂਦੀ ਹੈ, ਤਾਂ ਕੱਚੇ ਤੇਲ ਦੀਆਂ ਕੀਮਤਾਂ 150 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਸਕਦੀਆਂ ਹਨ। ਇਸ ਨਾਲ ਪੈਟਰੋਲ-ਡੀਜ਼ਲ ਮਹਿੰਗਾ ਹੋਵੇਗਾ, ਜਿਸ ਕਾਰਨ ਮਾਲ ਢੋਆ-ਢੁਆਈ ਦਾ ਖ਼ਰਚਾ ਵਧੇਗਾ ਅਤੇ ਫਲ-ਸਬਜ਼ੀਆਂ ਸਮੇਤ ਹਰ ਜ਼ਰੂਰੀ ਚੀਜ਼ ਦੀ ਕੀਮਤ ਵਿੱਚ ਭਾਰੀ ਵਾਧਾ ਹੋ ਸਕਦਾ ਹੈ।
ਕੀ-ਕੀ ਹੋਇਆ ਮਹਿੰਗਾ?
- ਪ੍ਰਾਇਮਰੀ ਆਰਟੀਕਲਸ: ਰੋਜ਼ਾਨਾ ਵਰਤੋਂ ਦੀਆਂ ਵਸਤੂਆਂ ਦੀ ਮਹਿੰਗਾਈ 2.21% ਤੋਂ ਵਧ ਕੇ 3.27% ਹੋ ਗਈ ਹੈ।
- ਫੂਡ ਇੰਡੈਕਸ: ਖਾਣ-ਪੀਣ ਦੀਆਂ ਚੀਜ਼ਾਂ ਦੀ ਮਹਿੰਗਾਈ ਦਰ -1.41% ਤੋਂ ਵਧ ਕੇ 1.85% ਹੋ ਗਈ ਹੈ।
- ਮੈਨੂਫੈਕਚਰਿੰਗ ਪ੍ਰੋਡਕਟਸ: ਫੈਕਟਰੀਆਂ ਵਿੱਚ ਬਣਨ ਵਾਲੇ ਸਾਮਾਨ ਦੀ ਮਹਿੰਗਾਈ ਵੀ 2.86% ਤੋਂ ਵਧ ਕੇ 2.92% ‘ਤੇ ਪਹੁੰਚ ਗਈ ਹੈ।
ਥੋਕ ਮਹਿੰਗਾਈ ਵਧਣ ਦਾ ਸਿੱਧਾ ਅਸਰ ਆਮ ਖਪਤਕਾਰਾਂ ’ਤੇ ਪੈਂਦਾ ਹੈ ਕਿਉਂਕਿ ਕੰਪਨੀਆਂ ਵਧਦੀ ਲਾਗਤ ਦਾ ਬੋਝ ਗਾਹਕਾਂ ’ਤੇ ਪਾ ਦਿੰਦੀਆਂ ਹਨ। ਸਰਕਾਰ ਕੋਲ ਇਸ ਨੂੰ ਕੰਟਰੋਲ ਕਰਨ ਲਈ ਸਿਰਫ਼ ਟੈਕਸਾਂ ਵਿੱਚ ਕਟੌਤੀ ਦਾ ਹੀ ਰਸਤਾ ਬਚਿਆ ਹੈ।

