‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਵਿਸ਼ਵ ਸਿਹਤ ਸੰਗਠਨ ਨੇ ਕਿਹਾ ਕਿ ਕੋਰੋਨਾ ਵਾਇਰਸ ਚੀਨ ਦੀ ਕਿਸੇ ਲੈਬ ‘ਚ ਨਹੀਂ ਬਣਿਆ ਹੈ। ਫਿਰ ਵੀ ਇਸ ਲਈ ਹੋਰ ਘੋਖ-ਪੜਤਾਲ ਕੀਤੀ ਜਾ ਸਕਦੀ ਹੈ। ਇਸ ਬਾਰੇ ਬਿਆਨ ਜਾਰੀ ਕਰਦਿਆਂ ਸੰਗਠਨ ਦੇ ਮੁਖੀ ਡਾ. ਟੈਡਰੋਸ ਨੇ ਚੀਨੀ ਲੈਬ ਵਿੱਚੋਂ ਇਸ ਵਾਇਰਸ ਦੇ ਲੀਕ ਹੋਣ ਸਬੰਧੀ ਕੋਈ ਵੀ ਬਿਆਨ ਦੇਣ ਲਈ ਕਾਹਲੀ ਨਾ ਕਰਨ ਦੀ ਗੱਲ ਕਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਚੀਨ ਦੀ ਲੈਬ ਵਿੱਚੋਂ ਇਸ ਵਾਇਰਸ ਦੇ ਲੀਕ ਹੋਣ ਦੀ ਵੀ ਬਹੁਤ ਘੱਟ ਸੰਭਾਵਨਾ ਹੈ। ਉੱਧਰ, ਚੀਨ ਨੇ ਵੀ ਇਸ ਬਾਰੇ ਸਪਸ਼ਟੀਕਰਨ ਦਿੱਤਾ ਹੈ ਤੇ ਵਾਇਰਸ ਫੈਲਣ ਦੇ ਲੱਗ ਰਹੇ ਇਨ੍ਹਾਂ ਇਲਜ਼ਾਮਾਂ ਦਾ ਖੰਡਨ ਕੀਤਾ ਹੈ।

ਵਿਸ਼ਵ ਸਿਹਤ ਸੰਗਠਨ ਅਤੇ ਚੀਨੀ ਮਾਹਿਰਾਂ ਵੱਲੋਂ ਜਾਰੀ ਰਿਪੋਰਟ ਵਿੱਚ ਕਿਹਾ ਗਿਆ ਹੈ ਲੈਬ ਵਿੱਚੋਂ ਲੀਕ ਹੋਣ ਦੀਆਂ ਗੱਲਾਂ ਦੇ ਸੱਚ ਹੋਣ ਪਿੱਛੇ ਬਹੁਤ ਘੱਟ ਸੰਭਾਵਨਾ ਸੀ। ਇਹ ਹੋ ਸਕਦਾ ਹੈ ਕਿ ਇਹ ਵਾਇਰਸ ਚਮਗਿੱਦੜ ਜਾਂ ਕਿਸੇ ਹੋਰ ਜੀਵ ਤੋਂ ਮਨੁੱਖਾਂ ਵਿੱਚ ਆਇਆ ਹੋਵੇ। ਚੀਨ ਨੇ ਹਾਲਾਂਕਿ ਰਸਮੀ ਤੌਰ ’ਤੇ ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਹੈ।

ਜਾਣਕਾਰੀ ਅਨੁਸਾਰ ਕੋਰੋਨਾਵਾਇਰਸ ਸਭ ਤੋਂ ਪਹਿਲਾਂ ਚੀਨ ਦੇ ਹੁਬੇਇ ਸੂਬੇ ਦੇ ਵੂਹਾਨ ਸ਼ਿਹਰ ਵਿੱਚ ਫ਼ੈਲਿਆ ਸੀ। ਸਾਲ 2019 ਦੇ ਅਖ਼ੀਰ ਵਿੱਚ ਕੋਰੋਨਾਵਾਇਰਸ ਦਾ ਸਭ ਤੋਂ ਪਹਿਲਾਂ ਪਤਾ ਚੀਨ ਦੇ ਵੂਹਾਨ ਸ਼ਹਿਰ ਵਿੱਚ ਹੀ ਲੱਗਿਆ ਸੀ। ਟੀਮ ਦੀ ਖੋਜ ਜ਼ਿਆਦਾਤਰ ਚੀਨੀ ਸਰਕਾਰ ਵੱਲੋਂ ਮੁਹਈਆ ਕਰਵਾਈ ਗਈ ਜਾਣਕਾਰੀ ਉੱਪਰ ਨਿਰਭਰ ਰਹੀ ਅਤੇ ਡਾ. ਟੈਡੋਰਸ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਨੂੰ ਮੰਗੀ ਗਈ ਜਾਣਕਾਰੀ ਹਾਸਲ ਕਰਨ ਵਿੱਚ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਨੇ ਭਵਿੱਖ ਵਿੱਚ ਜਾਣਕਾਰੀ ਸਮੇਂ ਸਿਰ ਅਤੇ ਵਿਸਥਾਰ ਵਿੱਚ’ ਸਾਂਝੀ ਕਰਨ ਦੀ ਲੋੜ ਉੱਪਰ ਜ਼ੋਰ ਦਿੱਤਾ।