Punjab

ਕਿਸਨੇ ਹਾਈਕਮਾਨ ਨੂੰ ਲਾਈ ਸਿੱਧੂ ਦੀ ਸ਼ਿਕਾਇਤ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਬਾਗੀ ਤੇ ਬੇਬਾਕ ਆਗੂ ਨਵਜੋਤ ਸਿੰਘ ਸਿੱਧੂ ਦਰਮਿਆਨ ਛਿੜੀ ਜੰਗ ਖਤਮ ਹੋਣ ਦਾ ਨਾਂ ਨਹੀਂ ਲੈ ਰਹੀ ਹੈ ਕਿ ਕਾਂਗਰਸ ਦੇ ਇੱਕ ਹੋਰ ਨੇਤਾ ਨੇ ਸਿੱਧੂ ਦਾ ਨਾਂ ਲਏ ਬਗੈਰ ਵੱਡਾ ਬਿਆਨ ਦਾਗ ਦਿੱਤਾ  ਹੈ। ਸਾਬਕਾ ਕੇਂਦਰੀ ਮੰਤਰੀ ਅਤੇ ਹਲਕਾ ਅਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ ਨੇ ਅੱਜ ਇੱਕ ਚੈਨਲ ਨੂੰ ਦਿੱਤੀ ਇੰਟਰਵਿਊ ਵਿੱਚ ਹਾਈਕਮਾਨ ਨੂੰ ਸਲਾਹ ਦਿੱਤੀ ਹੈ ਕਿ ਸੋਸ਼ਲ ਮੀਡੀਆ ਅਤੇ ਟਵਿੱਟਰ ‘ਤੇ ਪੰਜਾਬ ਸਰਕਾਰ ਦੀ ਆਲੋਚਨਾ ਕਰਨ ਵਾਲਿਆਂ ਨੂੰ ਗੰਭੀਰਤਾ ਨਾਲ ਲਿਆ ਜਾਵੇ।

ਉਨ੍ਹਾਂ ਨੇ ਨਾਲ ਹੀ ਦਾਅਵਾ ਕੀਤਾ ਕਿ ਕਾਂਗਰਸ ਪਾਰਟੀ ਅਗਲੀਆਂ ਚੋਣਾਂ ਜਿੱਤਣ ਲਈ ਇੱਕਮੁੱਠ ਅਤੇ ਮਜ਼ਬੂਤ ਹੈ ਪਰ ਸਿਆਸੀ ਮਾਹਿਰ ਇਹ ਮਹਿਸੂਸ ਕਰਦੇ ਹਨ ਕਿ ਹਾਲ ਦੀ ਘੜੀ ਇੰਝ ਲੱਗ ਰਿਹਾ ਹੈ ਜਿਵੇਂ ਕਾਂਗਰਸ ਨੂੰ 2022 ਦੀਆਂ ਚੋਣਾਂ ਨਾਲੋਂ ਅੰਦਰੂਨੀ ਕਲੇਸ਼ ਖਤਮ ਕਰਨ ਲਈ ਵਧੇਰੇ ਚਿੰਤਾ ਹੈ। ਦੱਸਣਯੋਗ ਹੈ ਕਿ ਪੰਜਾਬ ਕਾਂਗਰਸ ਦਾ ਕਲੇਸ਼ ਨਬੇੜਨ ਲਈ ਬਣੀ ਤਿੰਨ ਮੈਂਬਰੀ ਕਮੇਟੀ ਵੱਲੋਂ ਪੰਜਾਬ ਕਾਂਗਰਸ ਦਾ ਪ੍ਰਧਾਨ ਬਦਲਣ ਉੱਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ ਅਤੇ ਮਨੀਸ਼ ਤਿਵਾੜੀ ਦਾ ਨਾਂ ਮੂਹਰਲਿਆਂ ਵਿੱਚ ਗਿਣਿਆ ਜਾਣ ਲੱਗਾ ਹੈ। ਮਨੀਸ਼ ਤਿਵਾੜੀ ਵੱਲੋਂ ਨਵਜੋਤ ਸਿੰਘ ਸਿੱਧੂ ਖਿਲਾਫ ਦਿੱਤੇ ਬਿਆਨ ਇਸੇ ਕੜੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਦੱਸ ਦਈਏ ਕਿ ਕਾਂਗਰਸ ਦਾ ਕਲੇਸ਼ ਖਤਮ ਕਰਨ ਲਈ ਹਾਈਕਮਾਂਡ ਵੱਲੋਂ 10 ਜੁਲਾਈ ਮਿੱਥੀ ਗਈ ਹੈ। ਉਂਝ ਕੈਪਟਨ ਅਮਰਿੰਦਰ ਸਿੰਘ ਸੋਨੀਆ ਗਾਂਧੀ ਨੂੰ ਮਿਲਣ ਤੋਂ ਬਾਅਦ ਹਾਲ ਦੀ ਘੜੀ ਬਿਆਨਬਾਜ਼ੀ ਨੂੰ ਬਰੇਕਾਂ ਲਾ ਰਹੇ ਹਨ।