Punjab

ਕਿਹੜੇ ਕਲਾਕਾਰਾਂ ਨੇ ਰੱਦ ਨਹੀਂ ਕੀਤੇ ਘੱਲੂਘਾਰੇ ਦੇ ਦਿਨਾਂ ‘ਚ ਨੱਚਣ ਗਾਉਣ ਵਾਲੇ ਪ੍ਰੋਗਰਾਮ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜੂਨ ਦੇ ਪਹਿਲੇ ਹਫ਼ਤੇ ਸਿੱਖ ਕੌਮ ਵੱਲੋਂ 1984 ਘੱਲੂਘਾਰੇ ਦੀ 38ਵੀਂ ਬਰਸੀ ਮਨਾਈ ਜਾਵੇਗੀ। ਇਸ ਘੱਲੂਘਾਰੇ ਨੂੰ ਸਿੱਖ ਕੌਮ ਅਸਿਹ ਅਤੇ ਅਕਹਿ ਪੀੜਾ ਮੰਨਦੀ ਹੈ। ਸਿੱਖ ਅਕਸਰ ਇਹ ਕਹਿੰਦੇ ਸੁਣੇ ਜਾਂਦੇ ਹਨ ਕਿ ਉਨ੍ਹਾਂ ਦੇ ਮੁਕੱਦਸ ਅਸਥਾਨ ਸੱਚਖੰਡ ਸ੍ਰੀ ਹਰਮੰਦਿਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਕੀਤਾ ਗਿਆ ਫ਼ੌਜੀ ਹਮਲਾ ਨਾ ਬਰਦਾਸ਼ਤ ਅਤੇ ਨਾ ਭੁੱਲਣਯੋਗ ਹੈ। ਐਂਤਕੀ ਘੱਲੂਘਾਰੇ ਦੀ ਬਰਸੀ ਤੋਂ ਕੁੱਝ ਦਿਨ ਪਹਿਲਾਂ ਸਿੱਖ ਨੌਜਵਾਨਾਂ ਨੇ ਇੱਕ ਸੋਸ਼ਲ ਮੀਡੀਆ ਮੁਹਿੰਮ ਛੇੜੀ ਹੈ ਜਿਸ ਤਹਿਤ ਇੱਕ ਤੋਂ ਛੇ ਜੂਨ ਤੱਕ ਕਿਸੇ ਵੀ ਤਰ੍ਹਾਂ ਦੇ ਮਨੋਰੰਜਨ ਅਤੇ ਨੱਚਣ ਟੱਪਣ ਵਾਲੇ ਪ੍ਰੋਗਰਾਮ ਕਰਨ ਵਾਲੇ ਪੰਜਾਬੀ ਗਾਇਕ, ਕਲਾਕਾਰ ਅਤੇ ਅਦਾਕਾਰਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ।

ਇਸ ਮੁਹਿੰਮ ਦਾ ਅਸਰ ਹੁਣ ਦਿਖਾਈ ਦੇਣ ਲੱਗਾ ਹੈ। ਪੰਜਾਬੀ ਸੂਫ਼ੀ ਗਾਇਕ ਅਤੇ ਫਿਲਮ ਅਦਾਕਾਰ ਸਤਿੰਦਰ ਸਰਤਾਜ ਨੇ ਵਿਦੇਸ਼ਾਂ ਵਿੱਚ ਹੋਣ ਵਾਲੇ ਆਪਣੇ ਦੋ ਸ਼ੋਅ ਰੱਦ ਕਰ ਦਿੱਤੇ ਹਨ। ਸਤਿੰਦਰ ਸਰਤਾਜ ਨੇ ਆਪਣੇ ਸੋਸ਼ਲ ਮੀਡੀਆ ਪੇਜ ਉੱਤੇ ਲਿਖਿਆ ਕਿ ਤਿੰਨ ਜੂਨ ਨੂੰ ਫਰਾਂਸ ਅਤੇ ਪੈਰਿਸ ਅਤੇ ਪੰਜ ਜੂਨ ਨੂੰ ਆਇਰਲੈਂਡ ਦੇ ਡਬਲਿਨ ਵਿੱਚ ਮੇਰੇ ਸੰਗੀਤ ਸ਼ੋਅ ਨਹੀਂ ਹੋਣਗੇ। ਉਨ੍ਹਾਂ ਲਿਖਿਆ ਕਿ ਇਹ ਸ਼ੋਅ ਅਣਜਾਣੇ ਵਿੱਚ ਰੱਖੇ ਗਏ ਸਨ। ਸ੍ਰੀ ਦਰਬਾਰ ਸਾਹਿਬ ਜੀ ਦੇ ਘੱਲੂਘਾਰੇ ਦੀ ਯਾਦ ਅਤੇ ਸਤਿਕਾਰ ਵਿੱਚ ਅਸੀਂ ਇਨ੍ਹਾਂ ਸ਼ੋਆਂ ਨੂੰ ਰੱਦ ਕਰਦੇ ਹਾਂ। ਛੇਤੀ ਹੋਰ ਤਰੀਕ ਬਾਰੇ ਦੱਸਿਆ ਜਾਵੇਗਾ। ਸਰਤਾਜ ਨੇ ਇਸ ਪੋਸਟ ਵਿੱਚ ਆਪਣੀ ਸਵੀਡਨ ਦੇ ਸਟਾਕਹਾਲਮ ਦੇ ਗੁਰਦੁਆਰਾ ਸਾਹਿਬ ਵਿਖੇ ਖੜੇ ਹੋ ਕੇ ਹੱਥ ਜੋੜ ਕੇ ਖਿਚਵਾਈ ਤਸਵੀਰ ਵੀ ਸਾਂਝੀ ਕੀਤੀ ਹੈ ਅਤੇ ਅਣਜਾਣੇ ਵਿੱਚ ਹੋਈ ਭੁੱਲ ਦੀ ਖਿਮਾ ਮੰਗੀ ਹੈ। ਸਤਿੰਦਰ ਸਰਤਾਜ ਦੀ ਮੁਆਫ਼ੀ ਵਾਲੀ ਪੋਸਟ ਵਿੱਚ ਇੱਕ ਖ਼ਾਸ ਗੱਲ ਇਹ ਵੀ ਹੈ ਕਿ ਅਖੀਰ ਵਿੱਚ ਸਤਿੰਦਰ ਸਰਤਾਜ ਨੇ ਆਪਣਾ ਪੂਰਾ ਨਾਂ ਸਤਿੰਦਰ ਪਾਲ ਸਿੰਘ (ਸਰਤਾਜ) ਲਿਖਿਆ ਹੈ।

ਸਤਿੰਦਰ ਸਰਤਾਜ ਦੇ ਇਸ ਕਦਮ ਤੋਂ ਸਿੱਖ ਨੌਜਵਾਨ ਸੰਤੁਸ਼ਟ ਨਜ਼ਰ ਆ ਰਹੇ ਹਨ ਅਤੇ ਸਤਿੰਦਰ ਸਰਤਾਜ ਦੀ ਸ਼ਲਾਘਾ ਕਰ ਰਹੇ ਹਨ। ਪਰ ਕਈ ਗਾਇਕ ਅਤੇ ਕਲਾਕਾਰ ਅਜਿਹੇ ਵੀ ਹਨ ਜਿਨ੍ਹਾਂ ਉੱਤੇ ਇਸ ਵਿਰੋਧ ਦਾ ਅਸਰ ਨਹੀਂ ਦਿਖ ਰਿਹਾ ਕਿਉਂਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਵੀ ਘੱਲੂਘਾਰਾ ਦੇ ਦਿਨਾਂ ਵਿਚਾਲੇ ਹੀ ਚਾਰ ਜੂਨ ਨੂੰ ਗੁੜਗਾਉਂ ਵਿੱਚ ਆਪਣਾ ਸੰਗੀਤ ਸ਼ੋਅ ਕਰ ਰਿਹਾ ਹੈ। ਇਸੇ ਤਰ੍ਹਾਂ ਦੋ ਫਿਲਮਾਂ ਵੀ ਰਿਲੀਜ਼ ਹੋ ਰਹੀਆਂ ਹਨ। ਤਿੰਨ ਜੂਨ ਨੂੰ ‘ਮਾਹੀ ਮੇਰਾ ਨਿੱਕਾ ਜਿਹਾ’ ਰਿਲੀਜ਼ ਹੋਣ ਜਾ ਰਹੀ ਹੈ ਜਿਸ ਵਿੱਚ ਪੁਖਰਾਜ ਭੱਲਾ, ਜਸਵਿੰਦਰ ਭੱਲਾ, ਕਰਨਵੀਰ ਦਿਓਲ ਸਮੇਤ ਕਈ ਕਲਾਕਾਰਾਂ ਨੇ ਕੰਮ ਕੀਤਾ ਹੋਇਆ ਹੈ। ਤੇ ਤਿੰਨ ਜੂਨ ਨੂੰ ਹੀ ਇੱਕ ਹੋਰ ਫਿਲਮ ‘ਵਿਡੋ ਕਾਲੋਨੀ (Widow Colony)’ ਵੀ ਰਿਲੀਜ਼ ਹੋਣ ਜਾ ਰਹੀ ਹੈ। ਹਾਲਾਂਕਿ, ਪੰਜਾਬੀ ਅਦਾਕਾਰ ਗਿੱਪੀ ਗਰੇਵਾਲ ਦੀ ਨਿਰਦੇਸ਼ਿਤ ਕੀਤੀ ਫਿਲਮ 1984 ਦੇ ਦਿੱਲੀ ਕਤਲੇਆਮ ਨਾਲ ਜੁੜੀ ਹੋਈ ਹੈ ਪਰ ਜ਼ਾਹਿਰ ਤੌਰ ਉੱਤੇ ਇਹ ਫਿਲਮ ਵਪਾਰਕ ਮਨਸ਼ਾ ਨਾਲ ਹੀ ਬਣਾਈ ਗਈ ਹੈ।

ਇਸੇ ਤਰ੍ਹਾਂ ਪੰਜਾਬੀ ਗਾਇਕ ਰਣਜੀਤ ਬਾਵਾ ਦਾ ‘ਕਿੰਨੇ ਆਏ ਕਿੰਨੇ ਗਏ’ ਗਾਣਾ ਵੀ ਤਿੰਨ ਜੂਨ ਨੂੰ ਰਿਲੀਜ਼ ਹੋ ਰਿਹਾ ਹੈ। ਹਾਲਾਂਕਿ ਇਸ ਗਾਣੇ ਦੀ ਕੈਪਸ਼ਨ ਤੋਂ ਪਤਾ ਲੱਗਦਾ ਹੈ ਕਿ ਇਹ ਗਾਣਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਾਲ ਸਬੰਧਿਤ ਹੈ।

ਤੀਜਾ ਘੱਲੂਘਾਰਾ ਦੀ ਬਰਸੀ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਕਰਵਾਏ ਜਾਂਦੇ ਹਨ, ਸ਼ਹੀਦ ਸਿੰਘਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਜਾਂਦੀ ਹੈ ਅਤੇ ਕਈ ਮਤੇ ਪਾਸ ਕੀਤੇ ਜਾਂਦੇ ਹਨ।