ਦਿੱਲੀ(ਗੁਲਜਿੰਦਰ ਕੌਰ) : ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਹੋਏ ਕਤਲੇਆਮ ਵਿੱਚ ਜਨੂੰਨੀ ਹਜ਼ੂਮ ਨੇ ਇੱਕ ਖਾਸ ਫਿਰਕੇ ਪ੍ਰਤੀ ਨਫਰਤ ਦਾ ਰੱਜ ਕੇ ਪ੍ਰਗਟਾਵਾ ਕੀਤਾ। ਸਿੱਖਾਂ ਦੀਆਂ ਜਾਇਦਾਦਾਂ ਲੁੱਟੀਆਂ ਗਈਆਂ,ਧੀਆਂ ਭੈਣਾਂ ਨਾਲ ਬਲਾਤਕਾਰ ਹੋਏ,ਜਿਉਂਦਿਆਂ ਨੂੰ ਗੱਲਾਂ ਵਿੱਚ ਟਾਇਰ ਪਾ ਕੇ ਸਾੜਿਆ ਗਿਆ।
ਪਰ ਜੋ ਕੁੱਝ ਅੱਜ ਤੱਕ ਨਹੀਂ ਹੋਇਆ,ਉਹ ਸੀ ਦੋਸ਼ੀਆਂ ਨੂੰ ਸਜ਼ਾ ਤੇ ਇਨਸਾਫ਼।
ਪਿਛਲੇ ਦਿਨੀਂ ਸਿੱਖ ਕਤਲੇਆਮ ਪੀੜਤਾਂ ਦੇ ਕੇਸ ਲੜਨ ਵਾਲੇ ਤੇ ਸੁਪਰਿਮ ਕੋਰਟ ਦੇ ਸੀਨੀਅਰ ਵਕੀਲ ਐਚਐਸ ਫੂਲਕਾ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਇੱਕ ਹੋਰ ਗੱਲ ਦਾ ਜ਼ਿਕਰ ਕੀਤਾ ਹੈ,ਜਿਸ ਨੇ ਇੱਕ ਨਵੀਂ ਚਰਚਾ ਨੂੰ ਜਨਮ ਦਿੱਤਾ ਹੈ।
ਉਹ ਹੈ,ਕਾਤਲ ਭੀੜ ਕੋਲ ਇੱਕ ਖਾਸ ਤਰਾਂ ਦਾ ਪਾਊਡਰ ਸੀ,ਜੋ ਕਿ ਸਕਿੰਟਾਂ ਵਿੱਚ ਹੀ ਅੱਗ ਫੜ ਰਿਹਾ ਸੀ। ਫੂਲਕਾ ਨੇ ਇਹ ਵੀ ਦਾਅਵਾ ਕੀਤਾ ਕਿ ਇਹ ਪਾਊਡਰ ਭੀੜ ਵਲੋਂ ਬੜੀ ਹੀ ਮੁਸਤੈਦੀ ਨਾਲ ਵਰਤਿਆ ਜਾ ਰਿਹਾ ਸੀ,ਕਿਉਂਕਿ ਇਸ ਨਾਲ ਉਹਨਾਂ ਦੀਆਂ ਆਪਣੀਆਂ ਬਾਹਾਂ ਸੜਨ ਦਾ ਵੀ ਅੰਦੇਸ਼ਾ ਸੀ।
ਦੋ ਸਵਾਲ ਸਭ ਦੇ ਸਾਹਮਣੇ ਹਨ।
1.ਇਹ ਪਾਊਡਰ ਭੀੜ ਕੋਲ ਆਇਆ ਕਿਥੋਂ ?
2.ਭੀੜ ਨੂੰ ਇਸ ਨੂੰ ਵਰਤਣ ਦੀ ਟਰੇਨਿੰਗ ਕਿਸ ਨੇ ਦਿੱਤੀ?
ਇਹਨਾਂ ਦੋਹਾਂ ਸਵਾਲਾਂ ਦੇ ਜਵਾਬ ਲੱਭਣਾ ਕੋਈ ਔਖਾ ਨਹੀਂ।ਐਚਐਸ ਫੂਲਕਾ ਦੇ ਬਿਆਨ ਨੂੰ ਆਧਾਰ ਬਣਾ ਕੇ ਦੇਖਿਆ ਜਾਵੇ ਤਾਂ ਇਹ ਹੋ ਹੀ ਨਹੀਂ ਸਕਦਾ ਕਿ ਭੀੜ ਕੋਲ ਇਹ ਰਾਤੋਂ ਰਾਤ ਪਹੁੰਚ ਗਿਆ ਹੋਵੇ ਤੇ ਰਾਤੋ-ਰਾਤ ਹੀ ਉਹਨਾਂ ਨੂੰ ਵਰਤਣ ਦਾ ਢੰਗ ਆ ਗਿਆ ਹੋਵੇ।
ਮਤਲਬ ਇਹ ਪਾਊਡਰ ਪਹਿਲਾਂ ਹੀ ਮੰਗਵਾ ਲਿਆ ਗਿਆ ਸੀ ਤੇ ਪਹਿਲਾਂ ਹੀ ਇਸ ਦੀ ਟਰੇਨਿੰਗ ਦਿੱਤੀ ਜਾ ਚੁੱਕੀ ਸੀ ਕਿ ਇਸ ਨੂੰ ਕਿਵੇਂ ਵਰਤਣਾ ਹੈ?
ਇੰਟਰਨੈਟ ‘ਤੇ ਖੋਜ ਕਰਨ ਤੇ ਇਹ ਗੱਲ ਸਾਹਮਣੇ ਆਈ ਹੈ ਕਿ ਕਤਲੇਆਮ ਦੇ ਗਵਾਹਾਂ ਨੇ ਵੀ ਜਾਂਚ ਕਮਿਸ਼ਨ ਦੇ ਸਾਹਮਣੇ ਚਿੱਟੇ ਪਾਊਡਰ ਦਾ ਛਿੜਕਾਅ ਕਰਨ ਦੀ ਗੱਲ ਕੀਤੀ ਸੀ। ਦਿੱਲੀ ਦੀ ਵਿਧਵਾ ਕਲੋਨੀ ਦੀ ਹਰ ਪੀੜਤ ਦਾ ਕਹਿਣਾ ਹੈ ਕਿ ਚਿੱਟੇ ਪਾਊਡਰ ਨੂੰ ਅੱਗ ਲਗਾਉਣ ਲਈ ਵਰਤਿਆ ਜਾਂਦਾ ਸੀ ਤੇ ਉਸ ਮਗਰੋਂ ਗੱਲ ਵਿੱਚ ਟਾਇਰ ਪਾ ਕੇ ਸਾੜ ਦਿੱਤਾ ਜਾਂਦਾ ਸੀ।
ਕਿਤੇ ਨਾ ਕਿਤੇ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਪਾਊਡਰ ਹੋਰ ਕੁਝ ਨਹੀਂ ਸਗੋਂ ਸਫੇਦ ਫਾਸਫੋਰਸ ਸੀ,ਇੱਕ ਬਹੁਤ ਖ਼ਤਰਨਾਕ ਰਸਾਇਣ, ਜੋ ਚਮੜੀ ਰਾਹੀਂ ਹੱਡੀਆਂ ਤੱਕ ਪਹੁੰਚ ਜਾਂਦਾ ਹੈ ਤੇ ਸਾੜ ਦਿੰਦਾ ਹੈ। ਸਾਹ ਰਾਹੀਂ ਸਰੀਰ ਵਿੱਚ ਆਉਣਾ ਵੀ ਘਾਤਕ ਹੋ ਸਕਦਾ ਹੈ। ਇਹੀ ਕਾਰਨ ਹੈ ਕਿ ਸੰਯੁਕਤ ਰਾਸ਼ਟਰ ਦੁਆਰਾ ਇਸ ‘ਤੇ ਪਾਬੰਦੀ ਲਗਾਈ ਗਈ ਸੀ। ਹਾਲਾਂਕਿ, ਇਸ ਨੂੰ ਫਿਰ ਵੀ ਗੁਪਤ ਰੂਪ ਵਿੱਚ ਵਰਤਿਆ ਗਿਆ।
ਵੱਡੀ ਗੱਲ ਹੈ ਕਿ ਸਿੱਖ ਕਤਲੇਆਮ ਬਾਰੇ ਜਾਂਚ ਕਮਿਸ਼ਨ ਦੀ ਖੁੱਲ੍ਹੀ ਰਿਪੋਰਟ ਵਿੱਚ ਚਿੱਟੇ ਪਾਊਡਰ ਦਾ ਜ਼ਿਕਰ ਤੱਕ ਨਹੀਂ ਹੈ ਪਰ ਇਸ ਨਾਲ ਕੋਈ ਖਾਸ ਫਰਕ ਨੀ ਪੈਂਦਾ ਕਿਉਂਕਿ ਸਾਰੇ ਜਾਂਚ ਕਮਿਸ਼ਨਾਂ ਨੇ ਹਾਲੇ ਤੱਕ ਤਕਰੀਬਨ ਦੋਸ਼ੀਆਂ ਨੂੰ ਬਚਾਉਣ ਦਾ ਕੰਮ ਹੀ ਕੀਤਾ ਹੈ। ਮਾਰਨ ਵਾਲਿਆਂ ਤੋਂ ਸਜ਼ਾ ਦੀ ਉਮੀਦ ਕਿਦਾਂ ਕੀਤੀ ਜਾ ਸਕਦੀ ਹੈ। ਕਾਤਲਾਂ ਨੂੰ ਬਚਾਉਣ ਲਈ ਸਬੂਤਾਂ ਨੂੰ ਇਸ ਤਰਾਂ ਨਾਲ ਤਹਿ ਲਾ ਕੇ ਠੰਢੇ ਬਸਤੇ ਵਿੱਚ ਪਾ ਦਿੱਤਾ ਗਿਆ ।
ਇਸ ਸਾਰੇ ਬਿਰਤਾਂਤ ਨੂੰ ਜਾਂਚਣ ਤੋਂ ਬਾਅਦ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਕਿਸ ਤਰਾਂ ਨਾਲ ਹਕੂਮਤਾਂ ਸਤਾ ਦੇ ਨਸ਼ੇ ਤੇ ਲਾਲਚ ਵਿੱਚ ਅੰਨੀਆਂ ਹੋ ਜਾਂਦੀਆਂ ਹਨ ਤੇ ਇੱਕ ਖਾਸ ਫਿਰਕੇ ਨੂੰ ਖੁਸ਼ ਕਰਨ ਲਈ ਘੱਟ ਗਿਣਤੀਆਂ ਦਾ ਐਨੀ ਬੁਰੀ ਤਰਾਂ ਨਾਲ ਘਾਣ ਕਰ ਸਕਦੀਆਂ ਹਨ ਤੇ ਇਸ ਤਰਾਂ ਦੇ ਅਣਮਨੁਖੀ ਤਰੀਕੇ ਵਰਤ ਕੇ ਆਪਣੇ ਹੀ ਦੇਸ਼ ਦੇ ਨਾਗਰਿਕਾਂ ਨੂੰ ਮਾਰਨ ਲਈ,ਗੁੰਡਿਆਂ ਦੀ ਭੀੜ ਨੂੰ ਥਾਪੜਾ ਦੇ ਸੜ੍ਹਕ ‘ਤੇ ਉਤਾਰ ਸਕਦੀਆਂ ਹਨ ਕਿ ਜਾਉ,ਕਤਲ ਕਰੋ ,ਮਾਰੋ ਲੁੱਟੋ,ਬਲਾਤਕਾਰ ਕਰੋ,ਪੁਲਿਸ ਕੁੱਝ ਵੀ ਨਹੀਂ ਕਰੇਗੀ। ਹਿੰਦ ਦੇ ਮਥੇ ‘ਤੇ ਇਹ ਦਾਗ ਹਮੇਸ਼ਾ ਰਹੇਗਾ ਤੇ ਇਤਿਹਾਸ ਹਮੇਸ਼ਾ ਸਵਾਲ ਕਰੇਗਾ ਕਿ ਇਹ ਕਿਉਂ ਹੋਇਆ ਸੀ?