India

‘ਜਿੱਥੇ ਚੰਦਰਯਾਨ-3 ਉੱਤਰਿਆ, ਉਸ ਨੂੰ ‘ਸ਼ਿਵ ਸ਼ਕਤੀ’ ਪੁਆਇੰਟ ਵਜੋਂ ਜਾਣਿਆ ਜਾਵੇਗਾ’: ਪੀਐਮ ਮੋਦੀ

'Where Chandrayaan-3 landed will be known as 'Shiva Shakti' point': PM Modi

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੇਂਗਲੁਰੂ ਸਥਿਤ ਇਸਰੋ ਹੈੱਡਕੁਆਰਟਰ ਪਹੁੰਚੇ ਅਤੇ ਇੱਥੇ ਚੰਦਰਯਾਨ-3 ਦੇ ਵਿਗਿਆਨੀਆਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਇਸਰੋ ਦੇ ਵਿਗਿਆਨੀਆਂ ਨੂੰ ਸੰਬੋਧਨ ਕਰਦੇ ਹੋਏ ਪੀਐਮ ਮੋਦੀ ਵੀ ਭਾਵੁਕ ਹੋ ਗਏ। ਪੀ ਐੱਪ ਮੋਦੀ ਨੇ ਦੱਸਿਆ ਕਿ ਜਿੱਥੇ ਚੰਦਰਯਾਨ-3 ਦਾ ਚੰਦਰਮਾ ਲੈਂਡਰ ਉਤਰਿਆ, ਉਸ ਨੂੰ ‘ਸ਼ਿਵ ਸ਼ਕਤੀ’ ਪੁਆਇੰਟ ਵਜੋਂ ਜਾਣਿਆ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਜਿੱਥੇ ਚੰਦਰਯਾਨ-2 ਨੇ ਆਪਣੇ ਪੈਰਾਂ ਦੇ ਨਿਸ਼ਾਨ ਛੱਡੇ ਹਨ, ਇਸ ਨੂੰ ‘ਤਿਰੰਗੇ’ ਦੇ ਨਾਂ ਨਾਲ ਜਾਣਿਆ ਜਾਵੇਗਾ।

ਇਸ ਦੇ ਨਾਲ ਹੀ ਨਰਿੰਦਰ ਮੋਦੀ ਨੇ 23 ਅਗਸਤ ਜਿਸ ਦਿਨ ਭਾਰਤ ਨੇ ਚੰਦਰਮਾ ’ਤੇ ਚੰਦਰਮਾ 3 ਦੀ ਸਫਲਤਾਪੂਰਵਕ ਲੈਂਡਿੰਗ ਕਰਵਾਈ, ਨੂੰ ਕੌਮੀ ਪੁਲਾੜ ਦਿਹਾੜੇ ਵਜੋਂ ਮਨਾਉਣ ਦਾ ਐਲਾਨ ਕੀਤਾ ਹੈ। ਉਹਨਾਂ ਨੇ ਇਹ ਐਲਾਨ ਇਸਰੋ ਹੈਡਕੁਆਰਟਰ ਵਿਖੇ ਵਿਗਿਆਨੀਆਂ ਨੂੰ ਸੰਬੋਧਨ ਕਰਦਿਆਂ ਕੀਤਾ।

23 ਅਗਸਤ ਨੂੰ ਹੀ ਭਾਰਤ ਨੇ ਚੰਦਰਯਾਨ ਨੂੰ ਸਫਲਤਾਪੂਰਵਕ ਚੰਦ ‘ਤੇ ਉਤਾਰਿਆ ਸੀ ਅਤੇ ਭਾਰਤ ਦੇ ਰੋਵਰ ਪ੍ਰਗਿਆਨ ਨੇ ਚੰਦਰਮਾ ‘ਤੇ ਆਪਣੀਆਂ ਗਤੀਵਿਧੀਆਂ ਸ਼ੁਰੂ ਕਰ ਦਿੱਤੀਆਂ ਹਨ। ਵਿਗਿਆਨੀਆਂ ਨੂੰ ਸੰਬੋਧਿਤ ਕਰਦੇ ਹੋਏ ਮੋਦੀ ਨੇ ਕਿਹਾ, ”ਮੈਂ ਦੱਖਣੀ ਅਫ਼ਰੀਕਾ ‘ਚ ਸੀ, ਫਿਰ ਗ੍ਰੀਸ ਗਿਆ, ਪਰ ਮੇਰਾ ਮਨ ਪੂਰੀ ਤਰ੍ਹਾਂ ਤੁਹਾਡੇ ‘ਤੇ ਕੇਂਦਰਿਤ ਸੀ।

ਮੋਦੀ ਨੇ ਭਾਵੁਕ ਹੋ ਕੇ ਕਿਹਾ, ”ਮੈਂ ਤੁਹਾਨੂੰ ਜਿੰਨੀ ਜਲਦੀ ਹੋ ਸਕੇ, ਭਾਰਤ ਆਉਣਾ ਚਾਹੁੰਦਾ ਸੀ। ਤੁਹਾਨੂੰ ਸਾਰਿਆਂ ਨੂੰ ਸਲਾਮ ਕਰਨਾ ਚਾਹੁੰਦਾ ਸੀ। ਪੀਐਮ ਮੋਦੀ ਨੇ ਇਸਰੋ ਕੇਂਦਰ ਵਿੱਚ ਵਿਗਿਆਨੀਆਂ ਨੂੰ ਕਿਹਾ ਕਿ ਅੱਜ ਦੇਸ਼ ਦਾ ਹਰ ਬੱਚਾ ਤੁਹਾਡੇ ਵਿੱਚ ਆਪਣਾ ਭਵਿੱਖ ਦੇਖ ਰਿਹਾ ਹੈ। ਤੁਸੀਂ ਨੌਜਵਾਨਾਂ ਨੂੰ ਰਾਹ ਦਿਖਾਇਆ ਹੈ। ਤੁਹਾਡੀ ਉਪਲਬਧੀ ਨਾ ਸਿਰਫ਼ ਚੰਦਰਯਾਨ ਦੀ ਪ੍ਰਾਪਤੀ ਹੈ, ਸਗੋਂ ਤੁਹਾਡੇ ਵੱਲੋਂ ਦੇਸ਼ ਭਰ ਵਿੱਚ ਫੈਲੀ ਪ੍ਰੇਰਨਾ ਅਤੇ ਊਰਜਾ ਦੀ ਲਹਿਰ ਵੀ ਹੈ।

ਮੋਦੀ ਨੇ ਕਿਹਾ, ”ਤੁਸੀਂ ਦੇਸ਼ ਨੂੰ ਜਿਸ ਉਚਾਈ ‘ਤੇ ਪਹੁੰਚਾਇਆ ਹੈ, ਉਹ ਕੋਈ ਆਮ ਸਫਲਤਾ ਨਹੀਂ ਹੈ, ਇਹ ਅਨੰਤ ਪੁਲਾੜ ‘ਚ ਭਾਰਤ ਦੀ ਵਿਗਿਆਨਕ ਸਮਰੱਥਾ ਦਾ ਸ਼ੰਖ ਹੈ। ਭਾਰਤ ਚੰਨ ‘ਤੇ ਹੈ। ਅਸੀਂ ਉੱਥੇ ਪਹੁੰਚ ਗਏ ਜਿੱਥੇ ਕੋਈ ਨਹੀਂ ਪਹੁੰਚਿਆ ਸੀ। ਅਸੀਂ ਉਹ ਕੀਤਾ ਜੋ ਪਹਿਲਾਂ ਕਦੇ ਕਿਸੇ ਨੇ ਨਹੀਂ ਕੀਤਾ ਸੀ। ਇਹ ਹੈ ਅੱਜ ਦਾ ਭਾਰਤ, ਨਿਡਰ ਭਾਰਤ, ਲੜਦਾ ਭਾਰਤ। ਇਹ ਉਹ ਭਾਰਤ ਹੈ ਜੋ ਨਵਾਂ ਸੋਚਦਾ ਹੈ, ਨਵੇਂ ਤਰੀਕੇ ਨਾਲ ਸੋਚਦਾ ਹੈ। ਜੋ ਡਾਰਕ ਜ਼ੋਨ ਵਿੱਚ ਜਾ ਕੇ ਵੀ ਦੁਨੀਆ ਵਿੱਚ ਰੋਸ਼ਨੀ ਦੀ ਕਿਰਨ ਫੈਲਾਉਂਦਾ ਹੈ।