Punjab

ਬਾਇਕ ਹੌਲੀ ਚਲਾਉਣ ਲਈ ਕਿਹਾ ਤਾਂ ਪ੍ਰਵਾਸੀਆਂ ਨੇ ਨੌਜਵਾਨਾਂ ਦਾ ਕਰ ਦਿੱਤਾ ਇਹ ਹਾਲ !

ਮੁਹਾਲੀ : ਬੁੱਧਵਾਰ ਰਾਤ ਕਰੀਬ 8 ਵਜੇ ਮੁਹਾਲੀ ਦੇ ਪਿੰਡ ਕੁੰਭੜਾ ਵਿੱਚ ਮਾਮੂਲੀ ਤਕਰਾਰ ਦੌਰਾਨ ਪ੍ਰਵਾਸੀ ਨੌਜਵਾਨਾਂ ਨੇ ਇੱਕ 17 ਸਾਲਾ ਪੰਜਾਬੀ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਅਤੇ ਇੱਕ ਹੋਰ ਪੰਜਾਬ ਨੌਜਵਾਨ ਨੂੰ ਗੰਭੀਰ ਜ਼ਖ਼ਮੀ ਕਰ ਦਿਤਾ ਜੋ ਕਿ ਇਸ ਸਮੇਂ ਹਸਪਤਾਲ ਵਿੱਚ ਆਪਣੀ ਜ਼ਿੰਦਗੀ ਦੀ ਲੜਾਈ ਲੜ ਰਿਹਾ ਹੈ।

ਪਿੰਡ ਕੁੰਭੜਾ ਦਾ ਰਹਿਣ ਵਾਲਾ 17 ਸਾਲਾ ਦਮਨਪ੍ਰੀਤ ਸਿੰਘ ਆਪਣੇ ਦੋਸਤ ਦਿਲਪ੍ਰੀਤ ਸਿੰਘ ਨਾਲ ਪਿੰਡ ਵਿੱਚ ਬੈਠਾ ਸੀ। ਇਸ ਦੌਰਾਨ ਇਕ ਪ੍ਰਵਾਸੀ ਨੌਜਵਾਨ ਬਾਈਕ ‘ਤੇ ਆਇਆ ਅਤੇ ਅਚਾਨਕ ਉਸ ਦੀ ਬਾਈਕ ਦੋਵਾਂ ਨਾਲ ਟਕਰਾ ਗਈ। ਦੋਵਾਂ ਦੋਸਤਾਂ ਨੇ ਨੌਜਵਾਨ ਨੂੰ ਬਾਇਕ ਹੌਲੀ-ਹੌਲੀ ਚਲਾਉਣ ਲਈ ਕਿਹਾ ਜਿਸ ਤੋਂ ਕੁਝ ਦੇਰ ਵਿਚ ਹੀ ਬਹਿਸ ਸ਼ੁਰੂ ਹੋ ਗਈ।

ਪ੍ਰਵਾਸੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ

ਬਾਅਦ ਪ੍ਰਵਾਸੀ ਨੌਜਵਾਨ ਉਥੋਂ ਚਲਾ ਗਿਆ ਅਤੇ ਦੋਵੇਂ ਦੋਸਤ ਇਥੇ ਹੀ ਬੈਠੇ ਰਹੇ। ਕੁਝ ਸਮੇਂ ਬਾਅਦ ਬਾਈਕ ਚਾਲਕ ਆਪਣੇ ਨਾਲ 10 ਤੋਂ 12 ਪ੍ਰਵਾਸੀ ਨੌਜਵਾਨਾਂ ਨੂੰ ਲੈ ਕੇ ਆਇਆ ਅਤੇ ਦੋਵਾਂ ਦੋਸਤਾਂ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲੇ ਵਿੱਚ ਦਮਨਪ੍ਰੀਤ ਨੂੰ ਗੰਭੀਰ ਸੱਟਾਂ ਲੱਗੀਆਂ। ਇਸ ਤੋਂ ਇਲਾਵਾ ਉਸ ਦੇ ਦੋਸਤ ਦਿਲਪ੍ਰੀਤ ਦੇ ਵੀ ਗੰਭੀਰ ਸੱਟਾਂ ਲੱਗੀਆਂ ਹਨ। ਹਮਲਾ ਕਰਨ ਤੋਂ ਬਾਅਦ ਹਮਲਾਵਰ ਫਰਾਰ ਹੋ ਗਏ। ਮੌਕੇ ‘ਤੇ ਮੌਜੂਦ ਲੋਕਾਂ ਨੇ ਪੀੜਤ ਦੇ ਘਰ ਸੂਚਨਾ ਦਿੱਤੀ। ਜ਼ਖਮੀਆਂ ਨੂੰ ਨੇੜਲੇ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਦਮਨਪ੍ਰੀਤ ਦੀ ਮੌਤ ਹੋ ਗਈ। ਉਸ ਦਾ ਦੋਸਤ ਦਿਲਪ੍ਰੀਤ ਇਸ ਸਮੇਂ ਇਲਾਜ ਅਧੀਨ ਹੈ।

ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ

ਇਸ ਸਬੰਧੀ ਜਦੋਂ ਐਸਐਚਓ ਫੇਜ਼-8 ਰੁਪਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਪੁਲਿਸ ਮੌਕੇ ’ਤੇ ਪੁੱਜੀ। ਫਿਲਹਾਲ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਐਫਆਈਆਰ ਦਰਜ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਨ੍ਹਾਂ ਬੱਚਿਆਂ ‘ਤੇ ਹਮਲਾ ਕਰਨ ਵਾਲੇ ਦੋਸ਼ੀਆਂ ਦਾ ਪਤਾ ਲਗਾਇਆ ਜਾ ਰਿਹਾ ਹੈ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਟੀਮਾਂ ਵੀ ਬਣਾਈਆਂ ਗਈਆਂ ਹਨ। ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਪਰਿਵਾਰਕ ਮੈਂਬਰਾਂ ਨੇ ਹਸਪਤਾਲ ‘ਚ ਮਚਾਇਆ ਹੰਗਾਮਾ

ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਜਦੋਂ ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਤਾਂ ਪੁਲਿਸ ਵੀ ਮੌਕੇ ‘ਤੇ ਪਹੁੰਚ ਗਈ। ਕਿਸੇ ਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਸੀ। ਜ਼ਖਮੀਆਂ ਦੇ ਰਿਸ਼ਤੇਦਾਰ ਗੁੱਸੇ ‘ਚ ਆ ਗਏ ਅਤੇ ਹਸਪਤਾਲ ‘ਚ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਨੇ ਕਿਹਾ ਕਿ ਉਨ੍ਹਾਂ ਦੇ ਬੱਚਿਆਂ ਨਾਲ ਕਿਉਂ ਨਹੀਂ ਮਿਲਣ ਦਿੱਤਾ ਜਾ ਰਿਹਾ? ਮੌਕੇ ‘ਤੇ ਮੌਜੂਦ ਪੁਲਿਸ ਨੇ ਮਾਮਲਾ ਸ਼ਾਂਤ ਕੀਤਾ।