Punjab

ਕਣਕ ਵੇਚਣ ਵਾਲੇ 45 ਸਾਲ ਤੋਂ ਵੱਧ ਉਮਰ ਦੇ ਕਿਸਾਨ ਧਿਆਨ ਨਾਲ ਮੰਡੀ ‘ਚ ਜਾਣ, ਟੀਕਾ ਲਾਇਆ ਜਾਊਗਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਵਿੱਚ ਅੱਜ ਤੋਂ ਕਣਕ ਦੀ ਖਰੀਦ ਸ਼ੁਰੂ ਹੋ ਰਹੀ ਹੈ। ਪੰਜਾਬ ਸਰਕਾਰ ਨੇ 130 ਮੀਟਰਿਕ ਟਨ ਕਣਕ ਦੀ ਖਰੀਦ ਲਈ ਪ੍ਰਬੰਧ ਮੁਕੰਮਲ ਕਰ ਲਏ ਹਨ। ਪਰ ਅੱਜ ਦੇ ਦਿਨ ਹੀ ਆੜ੍ਹਤੀਆਂ ਵੱਲੋਂ ਕਿਸਾਨਾਂ ਨੂੰ ਫਸਲ ਦੀ ਸਿੱਧੀ ਅਦਾਇਗੀ ਵਾਲੇ ਸਰਕਾਰ ਦੇ ਫੈਸਲੇ ਖਿਲਾਫ ਹੜਤਾਲ ਕਰਨ ਦਾ ਐਲਾਨ ਕੀਤਾ ਗਿਆ ਹੈ। ਆੜ੍ਹਤੀਆਂ ਵੱਲੋਂ ਖਰੀਦ ਦੇ ਪਹਿਲੇ ਦਿਨ ਹੀ ਹੜਤਾਲ ’ਤੇ ਚਲੇ ਜਾਣ ਦੇ ਐਲਾਨ ਨੇ ਪੰਜਾਬ ਸਰਕਾਰ ਲਈ ਮੁਸ਼ਕਿਲਾਂ ਭਰੀ ਸਥਿਤੀ ਬਣਾ ਦਿੱਤੀ ਹੈ। ਇਨ੍ਹਾਂ ਨਵੇਂ ਹਾਲਾਤਾਂ ’ਚ ਸਰਕਾਰੀ ਖਰੀਦ ਕੱਲ੍ਹ ਨੂੰ ਸ਼ੁਰੂ ਹੋਣ ਦੇ ਆਸਾਰ ਜਾਪ ਰਹੇ ਹਨ।

ਜਾਣਕਾਰੀ ਮੁਤਾਬਕ ਪੰਜਾਬ ਸਰਕਾਰ ਨੇ ਆੜ੍ਹਤੀਆਂ ਨੂੰ 131 ਕਰੋੜ ਦੇ ਸੂਬਾ ਸਰਕਾਰ ਵੱਲੋਂ ਬਕਾਏ ਜਾਰੀ ਕਰਨ ਅਤੇ ਭਾਰਤੀ ਖੁਰਾਕ ਨਿਗਮ ਵੱਲੋਂ 200 ਕਰੋੜ ਦੇ ਬਕਾਏ ਦਿਵਾਉਣ ਦਾ ਭਰੋਸਾ ਦਿੱਤਾ ਹੈ, ਜਿਸ ’ਤੇ ਆੜ੍ਹਤੀਆਂ ਨੇ ਸਹਿਮਤੀ ਜਤਾ ਦਿੱਤੀ ਹੈ। ਆੜ੍ਹਤੀਆਂ ਨੂੰ ਕਿਸਾਨਾਂ ਨੂੰ ਦਿੱਤੀ ਐਡਵਾਂਸ ਰਾਸ਼ੀ ਡੁੱਬਣ ਦਾ ਵੱਡਾ ਡਰ ਬਣਿਆ ਹੋਇਆ ਹੈ।

ਸੂਬੇ ਚ ਕਿੰਨੀਆਂ ਮੰਡੀਆਂ ਦਾ ਕੀਤਾ ਗਿਆ ਹੈ ਪ੍ਰਬੰਧ ?

  • ਜਾਣਕਾਰੀ ਮੁਤਾਬਕ ਪੰਜਾਬ ਵਿੱਚ ਇਸ ਵਾਰ 3 ਹਜ਼ਾਰ 920 ਮੰਡੀਆਂ ਬਣਾਈਆਂ ਗਈਆਂ ਹਨ।
  • ਪੰਜਾਬ ਦੇ ਸੱਤ ਜ਼ਿਲ੍ਹਿਆਂ ਸੰਗਰੂਰ, ਮਾਨਸਾ, ਪਟਿਆਲਾ, ਫਤਹਿਗੜ੍ਹ ਸਾਹਿਬ, ਮੁਹਾਲੀ, ਲੁਧਿਆਣਾ ਤੇ ਬਰਨਾਲਾ ’ਚ ਹੁਣ ਤੱਕ 3135 ਮੀਟਰਿਕ ਟਨ ਕਣਕ ਪਹੁੰਚ ਚੁੱਕੀ ਹੈ।

ਮੰਡੀਆਂ ਚ ਕਰੋਨਾ ਟੀਕਾਕਰਣ ਦਾ ਕੀਤਾ ਗਿਆ ਹੈ ਇੰਤਜ਼ਾਮ

ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਨੇ ਦੱਸਿਆ ਕਿ ਪੰਜਾਬ ਵਿੱਚ ਸਾਰੀਆਂ 154 ਮਾਰਕੀਟ ਕਮੇਟੀਆਂ ਵਿੱਚ ਕੋਵਿਡ ਟੀਕਾਕਰਨ ਕੈਂਪ ਸਥਾਪਤ ਕੀਤੇ ਗਏ ਹਨ ਤਾਂ ਕਿ ਅਨਾਜ ਮੰਡੀਆਂ ਵਿੱਚ ਆਉਣ ਵਾਲੇ 45 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਾਰੇ ਵਿਅਕਤੀਆਂ ਨੂੰ ਕੋਵਿਡ ਤੋਂ ਬਚਾਅ ਲਈ ਟੀਕਾ ਲਾਇਆ ਜਾ ਸਕੇ।

  • ਪੰਜਾਬ ਸਰਕਾਰ ਨੇ ਕੋਵਿਡ-19 ਦੇ ਮੱਦੇਨਜ਼ਰ ਕਣਕ ਦੀ ਸੁਰੱਖਿਅਤ ਖਰੀਦ ਅਤੇ ਮੰਡੀਕਰਨ ਬਾਰੇ ਐਡਵਾਈਜ਼ਰੀ ਜਾਰੀ ਕੀਤੀ ਹੈ।
  • ਕੋਵਿਡ ਸਬੰਧੀ ਸੁਰੱਖਿਆ ਉਪਾਵਾਂ ਲਈ 5600 ਅਧਿਕਾਰੀਆਂ/ਕਰਮਚਾਰੀਆਂ ਨੂੰ 10,000 ਮਾਸਕ (ਐੱਨ-95) ਅਤੇ ਸੈਨੇਟਾਈਜ਼ਰਾਂ ਦੀਆਂ 10,000 ਬੋਤਲਾਂ ਮੁਹੱਈਆ ਕਰਵਾਈਆਂ ਗਈਆਂ ਹਨ।
  • ਕਿਸਾਨਾਂ ਲਈ ਇੱਕ ਲੱਖ ਮਾਸਕ ਅਤੇ 35,000 ਲੀਟਰ ਸੈਨੇਟਾਈਜ਼ਰ ਦਾ ਇੰਤਜ਼ਾਮ ਕੀਤਾ ਗਿਆ ਹੈ।
  • ਸਾਰਿਆਂ ਨੂੰ ‘ਕੋਵਾ ਐਪ’ ਡਾਊਨਲੋਡ ਕਰਨ ਦੀ ਸਲਾਹ ਦਿੱਤੀ ਗਈ ਹੈ।

ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਇਹ ਦਿਸ਼ਾ-ਨਿਰਦੇਸ਼ ਖਰੀਦ ਅਮਲ ਵਿੱਚ ਸ਼ਾਮਲ ਵੱਖ-ਵੱਖ ਭਾਈਵਾਲਾਂ ਜਿਵੇਂ ਕਿ ਕਿਸਾਨਾਂ, ਕੰਬਾਈਨ ਓਪਰੇਟਰਾਂ, ਕਿਰਤੀਆਂ, ਆੜ੍ਹਤੀਆਂ/ਦੁਕਾਨਦਾਰਾਂ ਅਤੇ ਟਰਾਂਸਪੋਰਟਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਮਾਰਕੀਟ ਕਮੇਟੀਆਂ/ਸੂਬੇ ਦੀਆਂ ਖਰੀਦ ਏਜੰਸੀਆਂ ਦੇ ਸਟਾਫ, ਜ਼ਿਲ੍ਹਾ ਪ੍ਰਸ਼ਾਸਨ ਨੂੰ ਆਪੋ-ਆਪਣੇ ਖੇਤਰਾਂ ਵਿੱਚ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ।

ਆੜ੍ਹਤੀਆਂ ਦੀ ਭਾਗੀਦਾਰੀ ਰਹੇਗੀ ਕਾਇਮ – ਆਸ਼ੂ

ਖੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਕਿਹਾ ਕਿ ਸਿੱਧੀ ਅਦਾਇਗੀ ਵਾਲੇ ਨਵੇਂ ਸਿਸਟਮ ’ਚ ਆੜ੍ਹਤੀਆਂ ਦੀ ਭਾਗੀਦਾਰੀ ਰਹੇਗੀ, ਜਿਸ ਲਈ ਮਹਿਕਮੇ ਵੱਲੋਂ ਨਵੇਂ ਸਿਸਟਮ ’ਤੇ ਕੰਮ ਕੀਤਾ ਜਾ ਰਿਹਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਵਾਨਗੀ ਮਗਰੋਂ ਆੜ੍ਹਤੀਆਂ ਅੱਗੇ ਨਵੀਂ ਤਜਵੀਜ਼ ਰੱਖੀ ਜਾਵੇਗੀ। ਕੈਪਟਨ ਕਿਸੇ ਵੀ ਸੂਰਤ ਵਿੱਚ ਆੜ੍ਹਤੀਆਂ ਨੂੰ ਨਵੇਂ ਪ੍ਰਬੰਧ ’ਚੋਂ ਬਾਹਰ ਨਹੀਂ ਕੱਢਣਾ ਚਾਹੁੰਦੇ। ਆਸ਼ੂ ਨੇ ਕਿਹਾ ਕਿ ਅੱਜ ਸ਼ਾਮ ਜਾਂ ਫਿਰ ਐਤਵਾਰ ਨੂੰ ਕਣਕ ਦੀ ਖਰੀਦ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।