ਸੂਬੇ ਵਿੱਚ ਇਸ ਸਮੇਂ ਕਣਕ ਦੀ ਕਟਾਈ ਜ਼ੋਰਾਂ ‘ਤੇ ਚੱਲ ਰਹੀ ਹੈ। ਕਿਸਾਨ ਆਪਣੀ ਵਾਢੀ ਦੀ ਕਟਾਈ ਵਿੱਚ ਲੱਗੇ ਹੋਏ ਹਨ। ਇਸੇ ਦੌਰਾਨ ਕਈ ਥਾਵਾਂ ਤੋਂ ਕਣਕ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਦੀ ਸਾਹਮਣੇ ਆ ਰਹੀਆਂ ਹਨ। ਇਸ ਦੌਰਾਨ ਹਲਕਾ ਦਿੜ੍ਹਬਾ ਦੇ ਨੇੜੇ ਪਿੰਡ ਲਾੜਵੰਜਾਰਾ ਕਲਾਂ ਵਿਖੇ ਇਕ ਕਿਸਾਨ ਦੇ ਖੇਤ ਵਿਚ ਤਾਰਾਂ ਦੀ ਸਪਾਰਕਿੰਗ ਕਾਰਨ ਕਣਕ ਨੂੰ ਅੱਗ ਲੱਗ ਗਈ ਹੈ। ਕਿਸਾਨ ਜਗਤਾਰ ਸਿੰਘ, ਸੱਤਗੁਰ ਸਿੰਘ ਦੇ ਖੇਤ ਵਿਚ ਤਿੰਨ ਕਿੱਲੇ ਕਣਕ ਤੇ ਬਾਕੀ ਕਣਕ ਦੇ ਨਾੜ ਨੂੰ ਅੱਗ ਲੱਗ ਗਈ ਜਦੋਂਕਿ ਪਿੰਡ ਵਾਸੀਆਂ ਵਲੋਂ ਮੌਕੇ ਉਤੇ ਪਹੁੰਚ ਕੇ ਅੱਗ ਉਤੇ ਕਾਬੂ ਪਾਇਆ ਗਿਆ।
ਇਸ ਤੋਂ ਇਲਾਵਾ ਦੂਜੀ ਘਟਨਾ ਪਟਿਆਲਾ ਦੇ ਸਮਾਣਾ ਤੋਂ ਸਾਹਮਣੇ ਆਈ ਹੈ। ਜਿੱਥੇ ਸਮਾਣਾ ਦੇ ਪਿੰਡ ਦੌਦੜਾ ਵਿਚ ਅੱਗ ਲੱਗਣ ਕਾਰਨ 3 ਏਕੜ ਕਣਕ ਦੀ ਫਸਲ ਸੜ ਗਈ ਹੈ। ਇਸ ਤੋਂ ਇਲਾਵਾ 7 ਏਕੜ ਨਾੜ ਵੀ ਸੁਆਹ ਹੋ ਗਿਆ। ਫਾਇਰ ਬ੍ਰਿਗੇਡ ਨੇ ਮੌਕੇ ਉਤੇ ਪਹੁੰਚ ਕੇ ਅੱਗ ਉਤੇ ਕਾਬੂ ਪਾਇਆ।
ਜਸਵੀਰ ਸਿੰਘ ਅਤੇ ਹੋਰ ਕਿਸਾਨਾਂ ਨੇ ਦੱਸਿਆ ਕਿ ਨਾਲ ਦੇ ਖੇਤਾਂ ਵਿੱਚ ਕੰਬਾਈਨ ਚੱਲ ਰਹੀ ਸੀ। ਅਚਾਨਕ ਕੰਬਾਈਨ ਵਿੱਚ ਕੋਈ ਸਪਾਰਕਿੰਗ ਹੋਈ ,ਜਿਸ ਦੇ ਨਾਲ ਖੇਤਾਂ ਵਿੱਚ ਅੱਗ ਲੱਗ ਗਈ। ਜਿਸ ਕਾਰਨ ਕਿਸਾਨ ਜਸਵੀਰ ਸਿੰਘ ਦੀ ਤਿੰਨ ਏਕੜ ਕਣਕ ਦੀ ਫਸਲ ਸੜ ਕੇ ਸੁਆਹ ਹੋਈ ਹੈ। ਇਸ ਤੋਂ ਇਲਾਵਾ ਨਾਲ ਲੱਗਦੇ ਖੇਤਾਂ ਵਿਚ ਨਾੜ ਵੀ ਸੜ ਗਿਆ।