‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਵਟਸਐਪ ਨੇ ਕੇਂਦਰ ਸਰਕਾਰ ਵੱਲੋਂ ਸੋਸ਼ਲ ਮੀਡੀਆ ‘ਤੇ ਲਾਗੂ ਕੀਤੇ ਜਾ ਰਹੇ ਨਵੇਂ ਡਿਜੀਟਲ ਨਿਯਮਾਂ ਦੇ ਖਿਲਾਫ ਦਿੱਲੀ ਹਾਈਕੋਰਟ ਵਿੱਚ ਪਹੁੰਚ ਕੀਤੀ ਹੈ। ਵਟਸਐਪ ਨੇ ਵਰਤੋਕਾਰਾਂ ਦੀ ਨਿੱਜਤਾ ਦਾ ਹਵਾਲਾ ਦੇ ਕੇ ਕਿਹਾ ਕਿ ਇਸ ਨਵੇਂ ਕੋਡ ਦੀ ਪਾਲਣਾ ਕਰਨ ਲਈ ਉਸ ਨੂੰ ਗਾਹਾਕਾਂ ਦੀ ਨਿੱਜਤਾ ਨਾਲ ਸਮਝੌਤਾ ਕਰਨਾ ਪਵੇਗਾ।
ਵਟਸਐਪ ਨੇ ਅਦਾਲਤ ਵਿੱਚ ਦਲੀਲ ਦਿੰਦਿਆਂ ਕਿਹਾ ਕਿ ਇਸ ਕੋਡ ਦੀਆਂ ਤਜਵੀਜ਼ਾਂ ਉਸ ਦੀ ਐਂਡ ਟੂ ਐਂਡ ਇਨਕਰਿਪਸ਼ਨ ਪਾਲਸੀ ਦੇ ਉਲਟ ਹਨ ਅਤੇ ਇਨ੍ਹਾਂ ਹਦਾਇਤਾਂ ਦੀ ਪਾਲਣਾ ਕਰਨ ਲਈ ਉਸ ਨੂੰ ਕਰੋੜਾਂ ਲੋਕਾਂ ਦਾ ਰੋਜ਼ਾਨਾ ਦੇ ਹਿਸਾਬ ਨਾਲ “ਕਿਸ ਨੇ ਕੀ ਕਿਹਾ ਅਤੇ ਕਿਸ ਨੇ ਕੀ ਸਾਂਝਾ ਕੀਤਾ” ਬਾਰੇ ਜਾਣਕਾਰੀ ਸਾਂਭ ਕੇ ਰੱਖਣੀ ਪਵੇਗੀ।