Punjab

ਕਿਹੜੇ ਜ਼ਿਲ੍ਹੇ ਵਿੱਚ ਹੋਈ ਕਿੰਨੇ ਫ਼ੀਸਦੀ ਵੋਟਿੰਗ?

‘ਦ ਖ਼ਾਲਸ ਬਿਊਰੋ : ਐਤਵਾਰ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਪੰਜਾਬ ਵਿਧਾਨ ਸਭਾ ਦੀਆਂ 117 ਸੀਟਾਂ ਲਈ ਵੋਟਾਂ ਹੋਈਆਂ ਹਾਲਾਂਕਿ ਕੁਝ ਥਾਵਾਂ ’ਤੇ  ਵੋਟਿੰਗ ਮਸ਼ੀਨਾਂ ਖਰਾਬ ਹੋਣ ਤੇ ਕਈ ਜਗਾ ਹਿੰਸ ਕ ਘਟਨਾਵਾਂ ਹੋਣ ਦੀਆਂ ਗੱਲਾਂ ਵੀ ਸਾਹਮਣੇ ਆਈਆਂ ਪਰ ਕੁਲ ਮਿਲਾ ਕੇ ਮਤਦਾਨ ਸ਼ਾਂਤੀ ਨਾਲ ਨਿਬੜ ਗਿਆ। ਵਿਧਾਨ ਸਭਾ ਚੋਣਾਂ ਦੇ ਤੀਜੇ ਪੜਾਅ ਦੌਰਾਨ ਪੰਜਾਬ ਵਿੱਚ ਸਾਂਤਮਈ ਢੰਗ ਨਾਲ ਖ਼ਤਮ ਹੋਏ ਮਤਦਾਨ ਲਈ ਮੁੱਖ ਚੋਣ ਅਫ਼ਸਰ ਪੰਜਾਬ ਡਾ.ਐਸ.ਕਰੁਣਾ ਰਾਜੂ ਨੇ ਪੋਲਿੰਗ ਮੁਲਾਜ਼ਮਾ, ਸੁਰੱਖਿਆ ਅਮਲੇ ਅਤੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਤੇ ਹਰ ਉਸ ਵਰਕਰ ਦਾ ਧੰਨਵਾਦ ਕੀਤਾ,ਜਿਹਨਾਂ ਚੋਣਾਂ ਦੌਰਾਨ ਆਪਣੀ ਡਿਉਟੀ ਤਨਦੇਹੀ ਨਾਲ ਨਿਭਾਈ।   

ਇਸ ਵਾਰ ਪੰਜਾਬ ‘ਚ ਵਿਧਾਨ ਸਭਾ ਚੋਣਾਂ ਵਿੱਚ ਹੋਈਆਂ ਵੋਟਾਂ ਵਿੱਚ ਮਤਦਾਤਾ ਦਾ ਰੁਝਾਨ ਪਿਛਲੀ ਵਾਰ ਨਾਲੋਂ ਘੱਟ ਦੇਖਣ ਨੂੰ ਮਿਲਿਆ ਹੈ।ਪਿਛਲੀਆਂ ਵਿਧਾਨ ਸਭਾ  ਚੋਣਾਂ ਵਿੱਚ 77.2 ਫੀਸਦੀ ਵੋਟਾਂ ਪਈਆਂ ਸੀ ਪਰ ਇਸ ਵਾਰ ਇਹ ਅੰਕੜੇ ਘਟੇ ਹਨ। ਚੋਣ ਕਮਿਸਨ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਇਸ ਵਾਰ ਪੰਜਾਬ ਵਿੱਚ ਕੁੱਲ 68.39 ਫੀਸਦੀ ਵੋਟਿੰਗ ਹੋਈ ਹੈ।

ਸੂਬੇ ਦੇ ਅਲਗ-ਅਲਗ ਖਿੱਤਿਆਂ ਦੀ ਗੱਲ ਕਰਦਿਆਂ ਜੇ ਮਾਲਵੇ ਇਲਾਕੇ ਵੱਲ ਧਿਆਨ ਮਾਰਿਆ ਜਾਵੇ ਤਾਂ ਇਹਨਾਂ ਜਿਲ੍ਹਿਆਂ ਵਿੱਚ ਹੋਈ ਵੋਟਿੰਗ ਦੌਰਾਨ ਐਤਕੀਂ ਮੁੜ ਸਭ ਤੋਂ ਵੱਧ ਵੋਟਾਂ ਭੁਗਤਣ ਦਾ ਰਿਕਾਰਡ ਟੁੱਟਿਆ  ਹੈ। ਇਥੇ ਮਾਨਸਾ ਜ਼ਿਲ੍ਹੇ ’ਚ ਸਭ ਤੋਂ ਵੱਧ 77.21 ਫੀਸਦੀ ਵੋਟਾਂ ਪਈਆਂ ਜਦੋਂ ਕਿ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿੱਚ 75.94 ਫੀਸਦੀ ਵੋਟਾਂ ਪਈਆਂ।ਇਸ ਤੋਂ ਇਲਾਵਾ ਬਰਨਾਲਾ ਵਿੱਚ 73.75 ਫੀਸਦੀ ਬਠਿੰਡੇ ਵਿੱਚ 76.11 ਫੀਸਦੀ, ਫਰੀਦਕੋਟ ਵਿੱਚ 75.86 ਫੀਸਦੀ,ਫ਼ਿਰੋਜ਼ਪੁਰ ਜਿਲ੍ਹੇ ਵਿੱਚ 75.66 ਫੀਸਦੀ, ਲੁਧਿਆਣਾ ਵਿੱਚ 65.68 ਫੀਸਦੀ,ਫ਼ਤਿਹਗੜ ਸਾਹਿਬ ਚ 67.56 ਫੀਸਦੀ,ਫ਼ਾਜ਼ਿਲਕਾ ਜ਼ਿਲ੍ਹੇ ਵਿੱਚ 76.59 ਫੀਸਦੀ,ਮੋਗਾ ਜ਼ਿਲ੍ਹੇ ਵਿੱਚ 67.43 ਫੀਸਦੀ,ਪਟਿਆਲਾ ਵਿੱਚ 71 ਫੀਸਦੀ ਤੇ ਸੰਗਰੂਰ ਵਿੱਚ 75.27 ਫੀਸਦੀ ਵੋਟਾਂ ਹੋਈਆਂ ਹਨ।

ਪੰਜਾਬ ਦੀ ਮਾਝਾ ਪੱਟੀ ਵਿੱਚ ਵੀ ਵੋਟਿੰਗ ਰੁਝਾਨ ਵੱਧੀਆ ਰਿਹਾ। ਇਥੇ ਅੰਮ੍ਰਿਤਸਰ ਜਿਲ੍ਹੇ ਵਿੱਚ 63.25 ਫੀਸਦੀ ,ਗੁਰਦਾਸਪੁਰ ਵਿੱਚ 70.62 ਫੀਸਦੀ, ਪਠਾਨਕੋਟ ਵਿੱਚ 70.86 ਫੀਸਦੀ, ਤਰਨਤਾਰਨ ਵਿੱਚ 66.83 ਫੀਸਦੀ ਵੋਟਾਂ ਪਈਆਂ ਹਨ ।

ਗੱਲ ਕਰੀਏ ਦੋਆਬੇ ਦੀ ਤਾਂ ਇਥੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਸਭ ਤੋਂ ਜਿਆਦਾ 70.74 ਫੀਸਦੀ,ਹੁਸ਼ਿਆਰ ਪੁਰ ਵਿੱਚ 66.93 ਫੀਸਦੀ,ਜਲੰਧਰ ਵਿੱਚ 64.29 ਫੀਸਦੀ,ਕਪੂਰਥਲਾ ਜਿਲ੍ਹੇ ਵਿੱਚ 67.87 ਫੀਸਦੀ ਮਤਦਾਨ ਹੋਣ ਦੀ ਖੱਬਰ ਹੈ।

ਪੁਆਧ ਇਲਾਕੇ ਦੇ ਜ਼ਿਲ੍ਹਿਆਂ ਰੋਪੜ ਵਿੱਚ 70.48 ਫੀਸਦੀ ਤੇ ਮੁਹਾਲੀ ਵਿੱਚ 70.74 ਫੀਸਦੀ  ਵੋਟਿੰਗ ਹੋਈ ਹੈ।

ਸੂਬੇ ਦੇ ਦਿਹਾਤੀ ਖੇਤਰਾਂ ਦੇ ਵੋਟਰਾਂ ਨੇ ਖੁੱਲ੍ਹ ਕੇ ਵੋਟਾਂ ਪਾਈਆ ਜਦੋਂ ਕਿ ਸ਼ਹਿਰੀ ਖੇਤਰਾਂ ਵਿੱਚ ਵੋਟਾਂ ਦੇ ਭੁਗਤਾਨ ਦਾ ਅਮਲ ਪਿੰਡਾਂ ਦੇ ਮੁਕਾਬਲੇ ਘੱਟ ਰਿਹਾ। ਵੋਟਾਂ ਦੌਰਾਨ ਕਿਸੇ ਅਣਸੁਖਾਵੀਂ ਘਟਨਾ ਤੋਂ ਬਚਾਅ ਲਈ ਕੇਂਦਰੀ ਹਥਿਆਰਬੰਦ ਪੁਲੀਸ ਬਲਾਂ ਦੇ ਨਾਲ ਨਾਲ ਸੂਬਾਈ ਪੁਲੀਸ ਦਾ ਅਮਲਾ ਵੀ ਤਾਇਨਾਤ ਰਿਹਾ। ਚੋਣ ਨਤੀਜਿਆਂ ਦਾ ਐਲਾਨ 10 ਮਾਰਚ ਨੂੰ ਹੋਰਨਾਂ ਚਾਰ ਰਾਜਾਂ ਨਾਲ ਹੋਵੇਗਾ।