Punjab

ਵਿਧਾਨ ਸਭਾ ਵਿੱਚ ਅੱਜ ਕੀ-ਕੀ ਹੋਇਆ

ਦ ਖ਼ਾਲਸ ਬਿਊਰੋ : ਅੱਜ ਭਗਵੰਤ ਮਾਨ ਸਰਕਾਰ ਦੇ ਪਹਿਲੇ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦਾ ਆਖਰੀ ਦਿਨ ਸੀ । ਅੱਜ ਵਿੱਤ ਮੰਤਰੀ ਹਰਪਾਲ ਚੀਮਾ ਨੇ 2022-23 ਦੇ 3 ਮਹੀਨਿਆਂ ਦਾ ਬਜਟ ਪੇਸ਼ ਕਰਦਿਆਂ ਦੱਸਿਆ ਕਿ ਅਪਰੈਲ ਤੋਂ ਜੂਨ ਤੱਕ ਲੇਖਾ-ਜੋਖਾ ਗਰਾਂਟ 37,120 ਕਰੋੜ 23 ਲੱਖ 76 ਹਜ਼ਾਰ ਰੁਪਏ ਬਣਦੀ ਹੈ। ਇਸ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਇਸ ਤੋਂ ਬਾਅਦ ਸਪੀਕਰ ਕੁਲਤਾਰ ਸੰਧਵਾਂ ਨੇ ਵਿਧਾਨ ਸਭਾ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਵਿਧਾਨ ਸਭਾ ਵਿੱਚ ਸ਼ਹੀਦ ਭਗਤ ਸਿੰਘ ਤੇ ਸੰਵਿਧਾਨ ਦੇ ਨਿਰਮਾਤਾ ਡਾ: ਭੀਮ ਰਾਓ ਅੰਬੇਡਕਰ ਦਾ ਬੁੱਤ ਲਗਾਇਆ ਜਾਵੇਗਾ। ਵਿੱਤ ਮੰਤਰੀ ਹਰਪਾਲ ਚੀਮਾ ਨੇ ਇਸ ਦਾ ਸਮਰਥਨ ਕੀਤਾ। ਕਾਂਗਰਸੀ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਇਹ ਚੰਗਾ ਕਦਮ ਹੈ। ਉਨ੍ਹਾਂ ਨੇ ਕਿਹਾ ਹੈ ਕਿ ਉਂਝ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਸਿੱਖ ਰਾਜ ਦਾ ਸੁਨਹਿਰੀ ਦੌਰ ਰਿਹਾ ਹੈ। ਇਸ ਲਈ ਉਨ੍ਹਾਂ ਦੇ ਬੁੱਤ ਨੂੰ ਵੀ ਸ਼ਾਮਲ ਕਰਨਾ ਚਾਹੀਦਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਦੇ ਰਾਜ ਨੂੰ ਕੋਈ ਨਹੀਂ ਭੁੱਲ ਸਕਦਾ। ਅਸੀਂ ਇਸ ‘ਤੇ ਯਕੀਨੀ ਤੌਰ ‘ਤੇ ਕਾਰਵਾਈ ਕਰਾਂਗੇ। ਅਕਾਲੀ ਆਗੂ ਮਨਪ੍ਰੀਤ ਇਆਲੀ ਨੇ ਵੀ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਬੁੱਤ ਲਗਾਉਣ ਦੀ ਮੰਗ ਕੀਤੀ।
ਇਸੇ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਵਿਧਾਨ ਸਭਾ ਦੇ ਤੀਜੇ ਅਤੇ ਆਖਰੀ ਸੈਸ਼ਨ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੰਬੋਧਨ ਕਰਦਿਆਂ ਹੋਏ 23 ਮਾਰਚ ਨੂੰ ਪੂਰੇ ਪੰਜਾਬ ਵਿੱਚ ਛੁੱਟੀ ਦਾ ਐਲਾਨ ਕੀਤਾ ਹੈ। ਭਗਵੰਤ ਮਾਨ ਨੇ ਇਹ ਛੁੱਟੀ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਨ ‘ਤੇ ਉਨ੍ਹਾਂ ਨੂੰ ਸ਼ਰਧਾਜ਼ਲੀ ਭੇਟ ਕਰਨ ਲਈ ਕੀਤੀ ਹੈ। ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਕਿ 28 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਹੈ ਤੇ ਉਸ ਦਿਨ ਸਾਰੇ ਸਕੂਲਾਂ ਤੇ ਕਾਲਜਾਂ ਵਿੱਚ ਸ਼ਹੀਦ ਭਗਤ ਸਿੰਘ ’ਤੇ ਕੋਰੀਓਗ੍ਰਾਫੀ ਨਾਟਕ ਕਰਵਾਏ ਜਾਣਗੇ। ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਸ ਦਾ ਵਿਰੋਧ ਕਰਦਿਆਂ ਕਿਹਾ ਕਿ ਇਸ ਦਿਨ ਛੁੱਟੀ ਦੀ ਬਜਾਏ ਪ੍ਰੋਗਰਾਮ ਕੀਤਾ ਜਾਣਾ ਚਾਹੀਦਾ ਹੈ। ਜਦੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਾਂਗਰਸੀ ਵਿਧਾਇਕ ਰਾਜਾ ਵੜਿੰਗ ਨੂੰ ਪੁੱਛਿਆ ਕਿ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਕਦੋਂ ਹੈ ਤਾਂ ਰਾਜਾ ਵੜਿੰਗ ਇਹ ਨਹੀਂ ਦੱਸ ਸਕੇ।
ਇਸ ਤੋਂ ਬਾਅਦ ਮਨਜੀਤ ਸਿੰਘ ਬਿਲਾਸ ਪੁਰ ਨੇ ਵੀ ਸ਼ੇਰੇ-ਪੰਜਾਬ ਦੀ ਬੁੱਤ ਲਾਉਣ ਦੀ ਤਜ਼ਵੀਜ਼ ਦਾ ਸਵਾਗਤ ਕੀਤਾ । ਅਕਾਲੀ ਆਗੂ ਮਨਪ੍ਰੀਤ ਸਿੰਘ ਨੇ ਆਪਣੀ ਗੱਲ ਰਖਦਿਆਂ ਜਿਥੇ ਇਸ ਤਜ਼ਵੀਜ਼ ਦੀ ਸ਼ਲਾਘਾ ਕੀਤੀ ,ਉਥੇ ਉਹਨਾਂ ਕਰਤਾਰ ਸਿੰਘ ਸਰਾਭਾ, ਜੋ ਕਿ ਸ਼ਹੀਦੇ-ਆਜ਼ਮ ਦੇ ਆਦਰਸ਼ ਵੀ ਸਨ,ਦੇ ਬੁੱਤ ਲਗਾਉਣ ਦੀ ਵੀ ਮੰਗ ਕੀਤੀ। ਕੁਲਜੀਤ ਸਿੰਘ ਰੰਧਾਵਾ ਨੇ ਦੇਸ਼ ਲਈ ਕੁਰਬਾਨੀਆਂ ਕਰਨ ਵਾਲੇ ਸਾਰੇ ਸ਼ਹੀਦਾਂ ਨੂੰ ਯਾਦ ਕੀਤਾ ਤੇ ਕਿਹਾ ਕਿ ਸਾਨੂੰ ਉਹਨਾਂ ਨੂੰ ਵੀ ਯਾਦ ਰੱਖਣਾ ਚਾਹਿਦਾ ਹੈ।ਅਮਨ ਅਰੋੜਾ ਨੇ ਵੀ ਸਰਕਾਰ ਦੇ ਧੰਨਵਾਦ ਕਰਦੇ ਸ਼ਹੀਦੇ-ਆਜ਼ਮ ਭਗਤ ਸਿੰਘ ਤੇ ਹੋਰ ਸ਼ਹੀਦਾਂ ਕੌਮੀ ਐਲਾਨਣ ਦੀ ਮੰਗ ਕੀਤੀ ਤੇ ਇਂਕਲਾਬ -ਜਿੰਦਾਬਾਦ ਦੇ ਨਾਹਰੇ ਨਾਲ ਆਪਣੀ ਗੱਲ ਨੂੰ ਖ਼ਤਮ ਕੀਤਾ। ਬਸਪਾ ਆਗੂ ਡਾ.ਨੱਛਤਰ ਪਾਲ ਨੇ ਵੀ ਇਸ ਮੱਤੇ ਲਈ ਸਹਿਮਤੀ ਦਿੰਦਿਆਂ ਸਰਕਾਰ ਦਾ ਧੰਨਵਾਦ ਕੀਤਾ।ਭਾਜਪਾ ਆਗੂ ਅਸ਼ਵਨੀ ਸ਼ਰਮਾ ਨੇ ਇਸ ਮੱਤੇ ਤੇ ਬੋਲਦਿਆਂ ਕਿਹਾ ਕਿ ਸਿਰਫ਼ ਬੁੱਤ ਲਾਉਣਾ ਹੀ ਕਾਫ਼ੀ ਨਹੀਂ ਹੈ।ਸਾਨੂੰ ਉਹਨਾਂ ਦੇ ਪਾਏ ਪੁਰਣਿਆਂ ਤੇ ਵੀ ਚੱਲਣਾ ਚਾਹਿਦਾ ਹੈ। ਬ੍ਰਹਮ ਸ਼ੰਕਰ ਜਿੰਪਾ ਨੇ ਕਿਹਾ ਕਿ ਬੁੱਤ ਲਗਾਉਣ ਦੇ ਨਾਲ ਨਾਲ ਉਹਨਾਂ ਦੇ ਪਾਏ ਪੁਰਨਿਆਂ ਤੇ ਵੀ ਚੱਲਣ ਦੀ ਲੋੜ ਹੈ।