ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਪੰਜਾਬ ਤੇ ਉੱਤਰ ਪ੍ਰਦੇਸ਼ ਵਿੱਚ 20 ਫਰਵਰੀ 2022 ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਵੋਟਰ ,ਵੋਟਰ ਕਾਰਡ ਪਛਾਣ ਪੱਤਰ ਤੋਂ ਇਲਾਵਾ 12 ਹੋਰ ਬਦਲਵੇਂ ਪਛਾਣ ਦਸਤਾਵੇਜ਼ਾਂ ਨੂੰ ਆਪਣੀ ਪਛਾਣ ਦੇ ਸਬੂਤਾਂ ਵਜੋਂ ਵਰਤ ਕੇ ਆਪਣੀ ਵੋਟ ਪਾ ਸਕਣਗੇ।
ਜਿਨ੍ਹਾਂ ਵੋਟਰਾਂ ਕੋਲ ਫੋਟੋ ਵੋਟਰ ਕਾਰਡ ਨਹੀਂ ਹੈ,ਉਹ ਆਧਾਰ ਕਾਰਡ, ਮਨਰੇਗਾ ਕਾਰਡ, ਫੋਟੋ ਸਮੇਤ ਬੈਂਕ ਜਾਂ ਡਾਕਖਾਨੇ ਦੀ ਪਾਸਬੁੱਕ, ਕਿਰਤ ਮੰਤਰਾਲੇ ਦੀ ਸਕੀਮ ਅਧੀਨ ਜਾਰੀ ਕੀਤਾ ਗਿਆ ਸਿਹਤ ਬੀਮਾ ਸਮਾਰਟ ਕਾਰਡ, ਡਰਾਈਵਿੰਗ ਲਾਇਸੈਂਸ, ਪੈਨ ਕਾਰਡ, ਐਨਪੀਆਰ ਤਹਿਤ ਜਾਰੀ ਕੀਤਾ ਗਿਆ ਸਮਾਰਟ ਕਾਰਡ, ਭਾਰਤੀ ਪਾਸਪੋਰਟ, ਫੋਟੋ ਵਾਲੇ ਪੈਨਸ਼ਨ ਦਸਤਾਵੇਜ਼, ਨੌਕਰੀ ਵਾਲੇ ਫੋਟੋ ਆਈ.ਡੀ ਕਾਰਡ,ਸੰਸਦ ਮੈਂਬਰਾਂ,ਵਿਧਾਇਕਾਂ ਤੇ ਐਮ.ਐਲ.ਸੀ ਨੂੰ ਜਾਰੀ ਕੀਤੇ ਅਧਿਕਾਰਤ ਪਛਾਣ ਪੱਤਰ ਅਤੇ ਭਾਰਤ ਸਰਕਾਰ ਦੇ ਸਮਾਜਿਕ ਨਿਆਂ ਮੰਤਰਾਲੇ ਵਲੋਂ ਜਾਰੀ ਯੂਨੀਕ ਡਿਸਅਬਿਲਟੀ ਆਈਡੀ ਦਾ ਇਸਤੇਮਾਲ ਕਰਕੇ ਆਪਣੀ ਵੋਟ ਪਾ ਸਕਦੇ ਹਨ। ਇਸ ਤਰ੍ਹਾਂ ਕੁੱਲ 12 ਦਸਤਾਵੇਜ਼ ਵੋਟ ਪਾਉਣ ਲਈ ਪਛਾਣ ਦੇ ਸਬੂਤ ਵਜੋਂ ਵਰਤੇ ਜਾ ਸਕਦੇ ਹਨ।
ਇਸ ਤੋਂ ਇਲਾਵਾ ਚੋਣ ਕਮੀਸ਼ਨ ਨੇ ਚੋਣ ਵਾਲੇ ਰਾਜਾਂ ਵਿੱਚ ਬਣਾਏ ਗਏ ਬੂਥਾਂ ਵਿੱਚ ਕਰੋਨਾ ਸਾਵਧਾਨੀਆਂ ਸੰਬੰਧੀ ਹਰ ਇੰਤਜ਼ਾਮ ਕਰਨ ਦੇ ਆਦੇਸ਼ ਦਿੱਤੇ ਹਨ। ਵੋਟਾਂ ਵਾਲੇ ਦਿਨ ਨੂੰ ਚੋਣ ਕਮਿਸ਼ਨ ਨੇ ਡਰਾਈ ਡੇਅ ਘੋਸ਼ਿਤ ਕੀਤਾ ਹੈ ਤੇ ਇਸ ਦਿਨ ਤੇ ਵੋਟਾਂ ਤੋਂ ਇੱਕ ਦਿਨ ਪਹਿਲਾਂ ਸ਼ਰਾਬ ਦੇ ਠੇਕੇ ਬੰਦ ਰਹਿਣਗੇ।