‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੇ ਚੀਨ ‘ਤੇ ਆਕਸੀਜਨ ਕੰਸਨਟ੍ਰੇਟਰ ਦੇ ਆਰਡਰ ਦੇ ਪੈਕੇਜਾਂ ਨੂੰ ਭਾਰਤ ਵਿੱਚ ਆਉਣ ਤੋਂ ਰੋਕਣ ਦੇ ਦੋਸ਼ ਲਾਏ ਹਨ। ਸੋਨੂੰ ਸੂਦ ਨੇ ਕਿਹਾ ਕਿ ਚੀਨ ਆਕਸੀਜਨ ਕੰਸਨਟ੍ਰੇਟਰ ਨੂੰ ਭਾਰਤ ਵਿੱਚ ਆਉਣ ਤੋਂ ਰੋਕ ਰਿਹਾ ਹੈ। ਸੋਨੂੰ ਸੂਦ ਨੇ ਟਵੀਟ ਕਰਕੇ ਕਿਹਾ ਕਿ ‘ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਵੱਡੀ ਗਿਣਤੀ ਵਿੱਚ ਆਕਸੀਜਨ ਕੰਸਨਟ੍ਰੇਟਰਸ ਭਾਰਤ ਆ ਸਕਣ। ਪਰ ਬਹੁਤ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਚੀਨ ਸਾਡੇ ਬਹੁਤ ਸਾਰੇ ਆਕਸੀਜਨ ਕੰਸਨਟ੍ਰੇਟਰ ਰੋਕ ਰਿਹਾ ਹੈ ਅਤੇ ਭਾਰਤ ਵਿੱਚ ਅਸੀਂ ਹਰੇਕ ਮਿੰਟ ‘ਤੇ ਬਹੁਤ ਸਾਰੀਆਂ ਕੀਮਤੀ ਜਾਨਾਂ ਖੋਹ ਰਹੇ ਹਾਂ।’
ਸੋਨੂੰ ਸੂਦੇ ਦੇ ਇਸ ਦੋਸ਼ ਤੋਂ ਤੁਰੰਤ ਬਾਅਦ ਹੀ ਚੀਨ ਦੇ ਰਾਜਦੂਤ ਸਨ ਵਿਡੋਂਗ ਨੇ ਟਵੀਟ ਕਰਕੇ ਕਿਹਾ ਕਿ ‘ਉਨ੍ਹਾਂ ਦਾ ਦੇਸ਼ ਕਰੋਨਾ ਨਾਲ ਨਜਿੱਠਣ ਲਈ ਭਾਰਤ ਦੀ ਪੂਰੀ ਮਦਦ ਕਰੇਗਾ। ਇਹ ਪੈਕੇਜ ਰੋਕਣ ਦਾ ਸਵਾਲ ਹੀ ਨਹੀਂ ਹੈ। ਦੋਵੇਂ ਮੁਲਕਾਂ ਵਿਚਾਲੇ ਮਾਲ ਢੋਹਣ ਵਾਲੀਆਂ ਉਡਾਨਾਂ ਜਾਰੀ ਹਨ’।
ਚੀਨ ਦੇ ਰਾਜਦੂਤ ਸਨ ਵਿਡੋਂਗ ਦੇ ਟਵੀਟ ਦਾ ਜਵਾਬ ਦਿੰਦਿਆਂ ਸੋਨੂੰ ਸੂਦੇ ਨੇ ਫਿਰ ਟਵੀਟ ਕਰਕੇ ਉਨ੍ਹਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ‘ਉਹ ਮੁਸ਼ਕਿਲਾਂ ਦੇ ਹੱਲ ਲਈ ਉਨ੍ਹਾਂ ਦੇ ਦਫਤਰ ਦੇ ਸੰਪਰਕ ਵਿੱਚ ਹਨ।’
ਸੋਨੂੰ ਸੂਦ ਨੇ ਜਾਣਕਾਰੀ ਦਿੰਦਿਆਂ ਕਿਹਾ ਸੀ ਕਿ ਉਨ੍ਹਾਂ ਨੇ ਚੀਨ ਤੋਂ ਵੱਡੀ ਗਿਣਤੀ ਵਿੱਚ ਆਕਸੀਜਨ ਕੰਸਨਟ੍ਰੇਟਰ ਮੰਗਵਾਏ ਹਨ, ਪਰ ਚੀਨ ਉਨ੍ਹਾਂ ਦੀ ਸਪਲਾਈ ਨੂੰ ਰੋਕ ਰਿਹਾ ਹੈ। ਇਸ ਤੋਂ ਕੁੱਝ ਘੰਟਿਆਂ ਬਾਅਦ ਚੀਨ ਦੇ ਰਾਜਦੂਤ ਵਿਡੋਂਗ ਨੇ ਟਵੀਟ ਕਰਕੇ ਕਿਹਾ ਕਿ ਚੀਨ ਕਰੋਨਾ ਨਾਲ ਜੰਗ ਵਿੱਚ ਭਾਰਤ ਦੀ ਹਰ ਸੰਭਵ ਮਦਦ ਕਰੇਗਾ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਧ ਨੇ ਲੋਕਾਂ ਨੂੰ ਕਰੋਨਾ ਵੈਕਸੀਨ ਲਗਵਾਉਣ ਲਈ ਉਤਸ਼ਾਹਿਤ ਕਰਨ ਲਈ ਸੋਨੂੰ ਸੂਦ ਨੂੰ ਕਰੋਨਾ ਅੰਬੈਸਡਰ ਬਣਾਇਆ ਸੀ ਕਿਉਂਕਿ ਸੋਨੂੰ ਸੂਦ ਵੱਲੋਂ ਕਰੋਨਾ ਮਹਾਂਮਾਰੀ ਦੌਰਾਨ ਲੋੜਵੰਦ ਲੋਕਾਂ ਦੀ ਮਦਦ ਕਰਨ ਕਰਕੇ ਹਰਮਨ-ਪਿਆਰਤਾ ਵੱਧ ਗਈ ਸੀ। ਸੋਨੂੰ ਸੂਦ ਵੱਲੋਂ ਲੋਕਾਂ ਨੂੰ ਕਰੋਨਾ ਵੈਕਸੀਨ ਲਗਵਾਉਣ ਦੀ ਅਪੀਲ ਕਰਨ ‘ਤੇ ਲੋਕ ਉਤਸ਼ਾਹਿਤ ਹੋਣਗੇ, ਇਹ ਸੋਚ ਕੇ ਕੈਪਟਨ ਨੇ ਸੋਨੂੰ ਸੂਦ ਨੂੰ ਕਰੋਨਾ ਅੰਬੈਸਡਰ ਬਣਾਇਆ ਸੀ।