ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ ਦੇ ਡਾਇਰੈਕਟਰ ਕਸ਼ ਪਟੇਲ ਨੇ ਭਰੋਸਾ ਦਿੱਤਾ ਕਿ FBI ਵੱਲੋਂ ਪੰਜਾਬ ਵਿੱਚ ਹਮਲਿਆਂ ਵਿੱਚ ਸ਼ਾਮਲ ਅਤਿਵਾਦੀ ਹਰਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਨਿਆਂ ਕੀਤਾ ਜਾਵੇਗਾ। ਉਨਾਂ ਨੇ ਟਵੀਟ ਕਰਦਿਆਂ ਕਿਹਾ ਕਿ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜੋ ਕਿ ਇੱਕ ਕਥਿਤ ਵਿਦੇਸ਼ੀ ਅੱਤਵਾਦੀ ਗਿਰੋਹ ਦਾ ਹਿੱਸਾ ਹੈ ਅਤੇ ਅਮਰੀਕਾ ਵਿੱਚ ਗੈਰ-ਕਾਨੂੰਨੀ ਤੌਰ ‘ਤੇ ਰਹਿ ਰਿਹਾ ਸੀ। ਸਾਡਾ ਮੰਨਣਾ ਹੈ ਕਿ ਉਹ ਭਾਰਤ ਅਤੇ ਅਮਰੀਕਾ ਦੋਵਾਂ ਵਿੱਚ ਕਈ ਪੁਲਿਸ ਸਟੇਸ਼ਨਾਂ ‘ਤੇ ਹਮਲਾ ਕਰਨ ਦੀ ਸਾਜ਼ਿਸ਼ ਵਿੱਚ ਸ਼ਾਮਲ ਸੀ।”
ਉਨ੍ਹਾਂ ਨੇ ਕਿਹਾ ਕਿ ਐਫਬੀਆਈ ਸੈਕਰਾਮੈਂਟੋ ਨੇ ਇਸ ਮਾਮਲੇ ਦੀ ਜਾਂਚ ਕੀਤੀ ਅਤੇ ਭਾਰਤ ਸਮੇਤ ਸਾਡੇ ਸਥਾਨਕ ਭਾਈਵਾਲਾਂ ਨਾਲ ਮਿਲ ਕੇ ਕੰਮ ਕੀਤਾ। ਸਾਰਿਆਂ ਦੀ ਸਖ਼ਤ ਮਿਹਨਤ ਸਦਕਾ, ਹੁਣ ਨਿਆਂ ਮਿਲੇਗਾ।”
ਉਨ੍ਹਾਂ ਇਹ ਵੀ ਲਿਖਿਆ ਕਿ ਐਫਬੀਆਈ ਉਨ੍ਹਾਂ ਸਾਰਿਆਂ ਦੀ ਭਾਲ ਜਾਰੀ ਰੱਖੇਗੀ ਜੋ ਕਿਤੇ ਵੀ ਹਿੰਸਾ ਫੈਲਾਉਣ ਦੀ ਕੋਸ਼ਿਸ਼ ਕਰਦੇ ਹਨ। ਹਰਪ੍ਰੀਤ ਸਿੰਘ ਨੂੰ 18 ਅਪ੍ਰੈਲ ਨੂੰ ਅਮਰੀਕਾ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਉਸਦੀ ਗ੍ਰਿਫਤਾਰੀ ਦੀ ਜਾਣਕਾਰੀ ਐਫਬੀਆਈ ਸੈਕਰਾਮੈਂਟੋ ਨੇ ਆਪਣੇ ਐਕਸ ਅਕਾਊਂਟ ‘ਤੇ ਦਿੱਤੀ ਸੀ। FBI ਨੇ ਕਿਹਾ ਕਿ ਹਰਪ੍ਰੀਤ ਸਿੰਘ ਦੋ ਅੰਤਰਰਾਸ਼ਟਰੀ ਅੱਤਵਾਦੀ ਸਮੂਹਾਂ ਨਾਲ ਜੁੜਿਆ ਹੋਇਆ ਹੈ ਅਤੇ ਅਮਰੀਕਾ ਵਿੱਚ ਗੈਰ-ਕਾਨੂੰਨੀ ਢੰਗ ਨਾਲ ਦਾਖ਼ਲ ਹੋਇਆ ਸੀ। FBI ਅਨੁਸਾਰ, ਉਸ ਨੇ ਗ੍ਰਿਫ਼ਤਾਰੀ ਤੋਂ ਬਚਣ ਲਈ ਬਰਨਰ ਫੋਨਾਂ ਦੀ ਵਰਤੋਂ ਕੀਤੀ।