ਬਠਿੰਡਾ : ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ। ਐਮਐਸਪੀ ਅਤੇ ਹੋਰ ਮੰਗਾਂ ਨੂੰ ਲੈ ਕੇ ਪੰਜਾਬ-ਹਰਿਆਣਾ ਦੇ ਸ਼ੰਭੂ ਅਤੇ ਖਨੌਰੀ ਸਰਹੱਦ ‘ਤੇ ਕਿਸਾਨਾਂ ਦੇ ਅੰਦੋਲਨ ਦਾ ਅੱਜ 20ਵਾਂ ਦਿਨ ਹੈ। ਬਠਿੰਡਾ ਦੇ ਪਿੰਡ ਬੱਲੋ ਵਿਖੇ ਖਨੌਰੀ ਸਰਹੱਦ ‘ਤੇ ਸ਼ਹੀਦ ਹੋਏ ਕਿਸਾਨ ਸ਼ੁਭਕਰਨ ਦੀ ਆਤਮਿਕ ਸ਼ਾਂਤੀ ਲਈ ਅੰਤਿਮ ਅਰਦਾਸ ਕੀਤੀ ਜਾਵੇਗੀ। ਜਿੱਥੇ ਸਾਰੇ ਕਿਸਾਨਾਂ ਨੂੰ ਇਕੱਠੇ ਹੋਣ ਲਈ ਕਿਹਾ ਗਿਆ ਹੈ। ਇਸ ਤੋਂ ਬਾਅਦ ਦਿੱਲੀ ਮਾਰਚ ਦਾ ਐਲਾਨ ਕੀਤਾ ਜਾਵੇਗਾ।
ਕਿਸਾਨ ਆਗੂ ਸਰਵਣ ਲਿੰਘ ਪੰਧੇਰ ਨੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਭਾਜਪਾ ਮਾਨ ਮਿਲੀਭੁਗਤ ਦਾ ਇਲਜ਼ਾਨ ਲਗਾਇਆ ਹੈ। ਪੰਧੇਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਮੁੱਖ ਮੰਤਰੀ ਮਾਨ ਭਾਜਪਾ ਨਾਲ ਮਿਲ ਕੇ ਅੰਦੋਲਨ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਪੰਧੇਰ ਨੇ ਕਿਹਾ ਕਿ ਅੰਦੋਲਨ ਨੂੰ ਖਾਲਿਸਤਾਨੀ, ਦੇਸ਼ ਵਿਰੋਧੀ ਕਹਿ ਕੇ ਬਦਨਾਮ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੰਧੇਰ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਅੰਦੋਲਨ ਹੋਰ ਵੱਡਾ ਰੂਪ ਲਵੇਗਾ। ਪੰਜਾਬ ਭਾਜਪਾ ‘ਤੇ ਨਿਸਾਨਾ ਸਾਧਦਿਆਂ ਉਨ੍ਹਾਂ ਨੇ ਕਿਹਾ ਕਿ ਪੰਜਾਬ ਭਾਜਪਾ ਦੇ ਆਗੂਆਂ ਨੇ ਕੇਂਦਰ ਸਰਕਾਰ ਵੱਲੋਂ ਕੀਤੀਆਂ ਗਈਆਂ ਤਾਨਾਸ਼ਾਹ ਕਾਰਵਾਈਆਂ ‘ਤੇ ਚੁੱਪੀ ਧਾਰੀ ਹੋਈ ਹੈ।
ਇਸ ਸਬੰਧੀ ਜਾਣਕਾਰੀ ਦਿੰਦੀਆਂ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਵੱਧ ਤੋਂ ਵੱਧ ਕਿਸਾਨਾਂ ਨੂੰ ਬੱਲੋ ਪਿੰਡ ਪਹੁੰਚਣ ਦੀ ਅਪੀਲ ਕੀਤੀ ਹੈ। ਕੇਂਦਰ ਸਰਕਾਰ ‘ਤੇ ਵਰ੍ਹਦਿਆਂ ਪੰਧੇਰ ਨੇ ਕਿਹਾ ਕਿ ਸੂਬੇ ਵਿੱਚ ਅੱਜ ਕਿਸਾਨ ਜਥੇਬੰਦੀਆਂ ਅਤੇ ਪੰਜਾਬ ਦੇ ਵਾਸੀ ਇਕੱਠ ਕਰਕੇ ਮੋਦੀ ਸਰਕਾਰ ਦੀਆਂ ਅੱਖਾਂ ਖੋਲ ਦੇਣਗੇ। ਪੰਧੇਰ ਨੇ ਕਿਹਾ ਕਿ ਸ਼ੰਭੂ ਅਤੇ ਖਨੌਰੀ ਬਾਰਡਰ ‘ਤੇ ਜਿਵੇਂ ਅੱਥਰੂ ਗੈਸ ਦੇ ਗੋਲੇ ਦੀ ਵਰਤੋਂ ਕੀਤੀ ਗਈ ਹੈ ਜਿਸ ਨਾਲ ਵਧੇਰੇ ਗਿਣਤੀ ਵਿੱਚ ਕਿਸਾਨਾਂ ਨੂੰ ਸਾਹ ਅਤੇ ਦਮੇ ਦੀ ਦਿੱਕਤ ਆ ਰਹੀ ਹੈ।
ਪੰਧੇਰ ਨੇ ਹਰਿਆਣਾ ਸਰਕਾਰ ਵੱਲੋ ਕੀਤੀ ਗਈ ਬੈਰੀਕੇਟ ਬਾਰੇ ਬੋਲਦਿਆਂ ਕਿਹਾ ਕਿ ਸ਼ੰਭੂ ਬਾਰਡਰ ਅਤੇ ਖਨੌਰੀ ਬਾਰਡਰ ਨੂੰ ਦੇਖ ਇੰਝ ਜਾਪਦਾ ਹੈ ਕਿ ਇਹ ਕੌਮਾਂਤਰੀ ਸਰਹੱਦ ਹੋਵੇ।
ਲਖੀਮਪੁਰ ਖੀਰੀ ਦੇ ਮੁੱਖ ਮੁਲਜ਼ਮ ਆਸ਼ੀਸ਼ ਮਿਸ਼ਰਾ ਟੈਨੀ ਨੂੰ ਸਜ਼ਾ ਮੁਕਤ ਕਰਨ ‘ਤੇ ਬੋਲਦਿਆਂ ਉਨ੍ਹਾਂ ਨੇ ਕਿਹਾ ਕਿ ਇਹ ਸਾਰਾ ਕੁਝ ਦੇਸ਼ ਦੇਖ ਰਿਹਾ ਹੈ । ਉਨ੍ਹਾਂ ਨੇ ਕਿਹਾ ਕਿ ਦੇਸ਼ ਇਨ੍ਹਾਂ ਗੱਲਾਂ ਲਈ ਕੇਂਦਰ ਸਰਕਾਰ ਨੂੰ ਕਦੇ ਮੁਆਫ ਨਹੀਂ ਕਰੇਗਾ।