Punjab

“ਵੱਡਾ ਬਾਲੀਵੁੱਡ ਸਟਾਰ ਵੀ ਸੀ ਨਿਸ਼ਾਨੇ ‘ਤੇ,ਵਿਦੇਸ਼ ਭੱਜਣ ਦੀ ਸੀ ਸਲਾਹ ”,DGP ਗੌਰਵ ਯਾਦਵ ਦੇ ਖੁਲਾਸੇ

ਮਾਨਸਾ : DGP ਗੌਰਵ ਯਾਦਵ ਨੇ ਭਾਰਤ ਨੇਪਾਲ ਸਰਹੱਦ ਤੋਂ ਗ੍ਰਿਫ਼ਤਾਰ ਕੀਤੇ ਗਏ ਦੀਪਕ ਮੁੰਡੀ ਤੇ ਉਸ ਦੇ ਦੋ ਹੋਰ ਸਾਥੀਆਂ ਨੂੰ ਪੰਜਾਬ ਲਿਆਉਣ ਤੋਂ ਬਾਅਦ ਕਈ ਖੁਲਾਸੇ ਕੀਤੇ ਹਨ। ਉਹਨਾਂ ਇੱਕ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਹੈ ਕਿ ਦਿੱਲੀ ਪੁਲਿਸ ਤੇ ਦਿੱਲੀ ਪੁਲਿਸ ਦੇ ਸਪੈਸ਼ਲ ਸੈਲ ਦੇ ਸਾਂਝੇ ਯਤਨਾਂ ਤੋਂ ਬਾਅਦ ਇਹ ਗ੍ਰਿਫਤਾਰੀ ਹੋਈ ਹੈ। ਸਾਂਝੇ ਆਪਰੇਸ਼ਨ ਦੌਰਾਨ ਇਹਨਾਂ ਤਿੰਨਾਂ ਨੂੰ ਇੰਡੋ-ਨੇਪਾਲ ਸਰਹੱਦ ਨੇੜਿਉਂ ਦਾਰਜੀਲੀਂਗ ਇਲਾਕੇ ਤੋਂ ਕਾਬੂ ਕੀਤਾ ਗਿਆ। ਇਸ ਕੇਸ ਵਿੱਚ ਕੁੱਲ 23 ਗ੍ਰਿਫਤਾਰੀਆਂ ਹੋਈਆਂ ਹਨ ਤੇ ਕੁੱਲ 35 ਦੋਸ਼ੀ ਨਾਮਜ਼ਦ,2 ਮਾਰੇ ਗਏ ਹਨ ਤੇ ਸਚਿਨ ਬਿਸ਼ਨੋਈ ਨੂੰ ਅਜ਼ਰਬਰਜਾਨ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।

ਗੌਰਵ ਯਾਦਵ, ਡੀਜੀਪੀ ਪੰਜਾਬ

ਰਜਿੰਦਰ ਜੋਕਰ ਪਹਿਲਾਂ ਹੀ ਨੇਪਾਲ ਵਿੱਚ ਸੀ ਤੇ ਗੋਲਡੀ ਬਰਾੜ ਨਾਲ ਸੰਪਰਕ ਵਿੱਚ ਸੀ। ਉਹਨਾਂ ਦੱਸਿਆ ਕਿ ਦੀਪਕ ਮੁੰਡੀ ਤੇ ਕਪਿਲ ਪੰਡਿਤ ਜਿਆਦਾਤਰ ਇਕੱਠੇ ਰਹੇ ਹਨ ਤੇ ਹਰਿਆਣਾ ,ਰਾਜਸਥਾਨ ਤੇ ਯੂਪੀ ਤੋਂ ਹੁੰਦੇ ਹੋਏ ਇਹ ਸਾਰੇ ਬੰਗਾਲ ਪਹੁੰਚੇ ਤੇ ਇੱਥੋਂ ਇਹਨਾਂ ਦੀ ਯੋਜਨਾ ਭਾਰਤੀ ਸਰਹੱਦ ਤੋਂ ਬਾਹਰ ਨਿਕਲ ਨਕਲੀ ਪਾਸਪੋਰਟ ਰਾਹੀਂ ਦੁਬਈ ‘ਚ ਸੈਟਲ ਹੋਣ ਦੀ ਸੀ। ਇਹਨਾਂ ਨੂੰ ਭਾਰਤ ਤੋਂ ਸੁਰੱਖਿਅਤ ਬਾਹਰ ਕੱਢਣ ਵਿੱਚ ਗੋਲਡੀ ਬਰਾੜ ਇਹਨਾਂ ਦੀ ਮਦਦ ਕਰ ਰਿਹਾ ਸੀ।

ਉਹਨਾਂ ਇਹ ਵੀ ਦੱਸਿਆ ਕਿ ਇਹਨਾਂ ਦੀ ਇੱਕ ਹੋਰ ਫਿਲਮੀ ਸਿਤਾਰੇ ਨੂੰ ਮਾਰਨ ਦੀ ਯੋਜਨਾ ਸੀ। ਪੁੱਛਗਿੱਛ ਦੌਰਾਨ ਕਪਿਲ ਪੰਡਿਤ ਨੇ ਇਹ ਵੱਡਾ ਖੁਲਾਸਾ ਕੀਤਾ ਹੈ ਕਿ ਉਸ ਨੂੰ ਸਲਮਾਨ ਖਾਨ ਨੂੰ ਮਾਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ। DGP ਨੇ ਦੱਸਿਆ ਕਿ ਲਾਰੈਂਸ ਬਿਸ਼ਨੋਈ ਨੇ ਸੰਪਤ ਨੇਹਰਾ ਰਾਹੀਂ ਕਪਿਲ ਨੂੰ ਸੰਪਰਕ ਕੀਤਾ ਸੀ ਤੇ ਕਪਿਲ ਪੰਡਿਤ ਨੇ ਸਚਿਨ ਬਿਸ਼ਨੋਈ ਤੇ ਸੰਤੋਸ਼ ਜਾਧਵ ਨਾਲ ਮਿਲ ਕੇ ਸਲਮਾਨ ਖਾਨ ਦੀ ਰੇਕੀ ਕੀਤੀ ਸੀ। ਹੁਣ ਸਲਮਾਨ ਖਾਨ ਮਾਮਲੇ ‘ਚ ਵੀ ਪੰਜਾਬ ਪੁਲਿਸ ਹੋਰ ਪੁੱਛਗਿੱਛ ਕਰੇਗੀ ।

ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਹੁਣ ਗੋਲਡੀ ਬਰਾੜ ਪੰਜਾਬ ਪੁਲਿਸ ਦੇ ਨਿਸ਼ਾਨੇ ‘ਤੇ ਹੈ । DGP ਗੌਰਵ ਯਾਦਵ ਨੇ ਕਿਹਾ ਕਿ ਜਲਦ ਗੋਲਡੀ ਬਰਾੜ ਨੂੰ ਵੀ ਗ੍ਰਿਫ਼ਤਾਰ ਕਰ ਕੇ ਪੰਜਾਬ ਲਿਆਂਦਾ ਜਾਵੇਗਾ। ਉਸ ਦੇ ਖਿਲਾਫ਼ ਪਹਿਲਾਂ ਹੀ ਰੈਡ ਕਾਰਨਰ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ । ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੂਸੇਵਾਲਾ ਕੇਸ ਨੂੰ ਸੁਲਝਾਉਣ ਲਈ ਕੜੇ ਦਿਸ਼ਾ ਨਿਰਦੇਸ਼ ਦਿੱਤੇ ਸੀ ਤੇ ਲਗਾਤਾਰ ਇਸ ਦੀ ਰਿਪੋਰਟ ਲਈ ਹੈ। ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਮਜ਼ਾਕਿਆ ਲਹਿਜ਼ੇ ਵਿੱਚ ਕਿਹਾ ਕਿ ਗੋਲਡੀ ਬਰਾੜ ਦੇ ਆਏ ਤੇ ਵੀ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ।

ਇਸ ਤੋਂ ਬਾਅਦ ਪ੍ਰਮੋਦ ਬਾਨ ਨੇ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਸ ਕੇਸ ਵਿੱਚ ਕਿਸੇ ਵੀ ਤਰਾਂ ਦੀ ਭੂਮਿਕਾ ਵਾਲੇ ਹਰ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਪੂਰੀ ਤਰਾਂ ਨਾਲ ਸਹੀ ਤਫਤੀਸ਼ ਕਰਕੇ ਹੀ ਚਾਰਜ਼ਸ਼ੀਟ ਦਾਖਲ ਕੀਤੀ ਗਈ ਹੈ।

ਇੱਕ ਸਵਾਲ ਦੇ ਜਵਾਬ ਵਿੱਚ DGP ਗੌਰਵ ਯਾਦਵ ਨੇ ਕਿਹਾ ਕਿ ਜਾਂਚ ਹਾਲੇ ਮੁੱਢਲੇ ਦੌਰ ਵਿੱਚ ਹੈ ਤੇ ਜਿਵੇਂ ਜਿਵੇਂ ਅਗੇ ਵੱਧੇਗੀ,ਦੱਸ ਦਿਤਾ ਜਾਵੇਗਾ। ਰਜਿੰਦਰ ਜੋਕਰ ਤੇ ਕਪਿਲ ਪੰਡਿਤ ਨੂੰ ਪਹਲਾਂ ਹੀ ਇਸ ਕੇਸ ਵਿੱਚ ਨਾਮਜ਼ਦ ਕੀਤਾ ਜਾ ਚੁੱਕਾ ਹੈ ਕਿਉਂਕਿ ਉਹਨਾਂ ਨੇ ਸਿੱਧੂ ਦੇ ਕਾਤਲਾਂ ਨੂੰ ਮਦਦ ਪਹੁੰਚਾਈ ਸੀ। ਸਿੱਧੂ ਦੇ ਪਿਤਾ ਦੇ ਬਿਆਨ ਦੇ ਆਧਾਰ ਤੇ ਵੀ ਕਈ ਨਾਮਜ਼ਦ ਕੀਤਾ ਗਿਆ ਹੈ ਤੇ ਜਾਂਚ ਕੀਤੀ ਜਾ ਰਹੀ ਹੈ।