The Khalas Tv Blog India ਕਠੂਆ ‘ਚ ਪੰਜ ਭਾਰਤੀ ਜਵਾਨਾਂ ਦੀ ਸ਼ਹੀਦੀ ‘ਤੇ ਕੀ ਬੋਲੇ ਰੱਖਿਆ ਮੰਤਰੀ ਰਾਜਨਾਥ ਸਿੰਘ
India

ਕਠੂਆ ‘ਚ ਪੰਜ ਭਾਰਤੀ ਜਵਾਨਾਂ ਦੀ ਸ਼ਹੀਦੀ ‘ਤੇ ਕੀ ਬੋਲੇ ਰੱਖਿਆ ਮੰਤਰੀ ਰਾਜਨਾਥ ਸਿੰਘ

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਜੰਮੂ-ਕਸ਼ਮੀਰ ਦੇ ਕਠੂਆ ‘ਚ ਭਾਰਤੀ ਜਵਾਨਾਂ ‘ਤੇ ਹੋਏ ਅੱਤਵਾਦੀ ਹਮਲੇ ‘ਤੇ ਦੁੱਖ ਪ੍ਰਗਟ ਕੀਤਾ ਹੈ। ਰਾਜਨਾਥ ਸਿੰਘ ਨੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਲਿਖਿਆ, “ਕਠੂਆ ਦੇ ਬਦਨੋਟਾ ‘ਚ ਹੋਏ ਅੱਤਵਾਦੀ ਹਮਲੇ ‘ਚ ਸਾਡੇ 5 ਬਹਾਦਰ ਸੈਨਿਕਾਂ ਦੀ ਮੌਤ ਤੋਂ ਮੈਂ ਬਹੁਤ ਦੁਖੀ ਹਾਂ।”

“ਦੁਖੀ ਪਰਿਵਾਰਾਂ ਪ੍ਰਤੀ ਮੇਰੀ ਡੂੰਘੀ ਸੰਵੇਦਨਾ ਹੈ। ਰਾਸ਼ਟਰ ਇਸ ਔਖੇ ਸਮੇਂ ਵਿੱਚ ਉਨ੍ਹਾਂ ਦੇ ਨਾਲ ਮਜ਼ਬੂਤੀ ਨਾਲ ਖੜ੍ਹਾ ਹੈ। ਅੱਤਵਾਦ ਵਿਰੋਧੀ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ ਅਤੇ ਸਾਡੀਆਂ ਫੌਜਾਂ ਖੇਤਰ ਵਿੱਚ ਸ਼ਾਂਤੀ ਅਤੇ ਵਿਵਸਥਾ ਬਣਾਈ ਰੱਖਣ ਲਈ ਵਚਨਬੱਧ ਹਨ।” ਉਨ੍ਹਾਂ ਇਸ ਘਟਨਾ ਵਿੱਚ ਜ਼ਖਮੀ ਹੋਏ ਲੋਕਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ।

ਸੋਮਵਾਰ ਨੂੰ ਜੰਮੂ-ਕਸ਼ਮੀਰ ਦੇ ਕਠੂਆ ਜ਼ਿਲੇ ‘ਚ ਭਾਰਤੀ ਫੌਜ ਦੇ ਕਾਫਲੇ ‘ਤੇ ਹਮਲਾ ਹੋਇਆ ਸੀ, ਜਿਸ ‘ਚ 5 ਜਵਾਨ ਸ਼ਹੀਦ ਹੋ ਗਏ ਸਨ। ਉਦੋਂ ਤੋਂ ਪੂਰੇ ਇਲਾਕੇ ‘ਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਜਵਾਬੀ ਕਾਰਵਾਈ ਕੀਤੀ ਪਰ ਅਤਿਵਾਦੀ ਨੇੜਲੇ ਜੰਗਲ ਖੇਤਰ ਵਲ ਭੱਜ ਗਏ। ਖ਼ਬਰ ਲਿਖੇ ਜਾਣ ਤਕ ਅਤਿਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਰੁਕ-ਰੁਕ ਕੇ ਗੋਲੀਬਾਰੀ ਜਾਰੀ ਸੀ। ਇਕ ਅਧਿਕਾਰੀ ਨੇ ਦੱਸਿਆ, ‘‘ਕੁਲ 10 ਜਵਾਨ ਜ਼ਖਮੀ ਹੋਏ ਅਤੇ ਉਨ੍ਹਾਂ ਵਿਚੋਂ 5 ਦੀ ਮੌਤ ਹੋ ਗਈ।’’

ਅਧਿਕਾਰੀਆਂ ਨੇ ਦੱਸਿਆ ਕਿ ਅੱਤਵਾਦੀਆਂ ਦੇ ਖਾਤਮੇ ਲਈ ਵਾਧੂ ਸੁਰੱਖਿਆ ਬਲਾਂ ਨੂੰ ਇਲਾਕੇ ’ਚ ਭੇਜਿਆ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਅੱਤਵਾਦੀਆਂ ਨੇ ਹਾਲ ਹੀ ’ਚ ਸਰਹੱਦ ਪਾਰ ਤੋਂ ਘੁਸਪੈਠ ਕੀਤੀ ਸੀ ਅਤੇ ਉਹ ਉੱਚੀਆਂ ਥਾਵਾਂ ’ਤੇ ਜਾ ਰਹੇ ਸਨ।

ਦੱਸ ਦੇਈਏ ਕਿ ਪਿਛਲੇ ਚਾਰ ਹਫ਼ਤਿਆਂ ’ਚ ਕਠੂਆ ਜ਼ਿਲ੍ਹੇ ’ਚ ਇਹ ਦੂਜੀ ਵੱਡੀ ਘਟਨਾ ਹੈ। ਤਲਾਸ਼ੀ ਅਤੇ ਘੇਰਾਬੰਦੀ ਮੁਹਿੰਮ ਦੌਰਾਨ 12 ਅਤੇ 13 ਜੂਨ ਨੂੰ ਇਕ ਭਿਆਨਕ ਮੁਕਾਬਲੇ ’ਚ ਦੋ ਅੱਤਵਾਦੀ ਅਤੇ ਸੀ.ਆਰ.ਪੀ.ਐਫ. ਦੇ ਇਕ ਜਵਾਨ ਦੀ ਜਾਨ ਚਲੀ ਗਈ ਸੀ।

 

Exit mobile version