‘ਦ ਖ਼ਾਲਸ ਬਿਊਰੋ : ਪੰਜਾਬੀ ਸੂਬੇ ਦੀ ਆਪ ਸਰਕਾਰ ਨੇ ਲੋਕਾਂ ਦੀਆਂ ਸਮੱਸਿਆਵਾਂ ਹਲ ਕਰਨ ਤੇ ਸਰਕਾਰੀ ਸਕੀਮਾਂ ਦਾ ਨਿਰੀਖਣ ਕਰਨ ਲਈ ਇਕ ਵੱਡਾ ਫੈਸਲਾ ਲਿਆ ਹੈ। ਸਰਕਾਰ ਨੇ ਕੈਬਨਿਟ ਮੰਤਰੀਆਂ ਨੂੰ ਵੱਖ-ਵੱਖ ਜ਼ਿਲ੍ਹਿਆਂ ਦੀਆਂ ਜ਼ਿੰਮੇਵਾਰੀਆਂ ਸੌਂਪੀਆਂ ਹਨ।
ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਸਬੰਧੀ ਖੁਦ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਮੰਤਰੀਆਂ ਨੂੰ ਸੌਪੀ ਗਈ ਜਿਲ੍ਹਾਵਾਰ ਜ਼ਿੰਮੇਵਾਰੀ ਦੀਆਂ ਸੂਚੀਆਂ ਵੀ ਸਾਂਝੀਆਂ ਕੀਤੀਆਂ ਹਨ।ਇਹ ਸਾਰੇ ਮੰਤਰੀ ਹੁਣ ਆਪੋ-ਆਪਣੇ ਜ਼ਿਲ੍ਹਿਆਂ ਵਿੱਚ ਕੀਤੇ ਜਾ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣਗੇ ਤੇ ਸਮੇਂ-ਸਮੇਂ ਤੇ ਲੋਕਾਂ ਦੀਆਂ ਸਮੱਸਿਆਵਾਂ ਅਤੇ ਸਰਕਾਰੀ ਸਕੀਮਾਂ ਦਾ ਨਿਰੀਖਣ ਵੀ ਕਰਨਗੇ। ਇਸ ਲਈ ਜਿਲ੍ਹਿਆਂ ਵਿੱਚ ਮੰਤਰੀ ‘ਲੋਕ ਮਿਲਣੀ’ ਪ੍ਰੋਗਰਾਮ ਵੀ ਕਰਨਗੇ। ਇਹਨਾਂ ਸਾਰੇ ਕੰਮਾਂ ਨੂੰ ਨੇਪਰੇ ਚਾੜਨ ਲਈ ਵਿਧਾਇਕਾਂ ਅਤੇ ਪ੍ਰਸ਼ਾਸਨ ਵਿੱਚ ਤਾਲਮੇਲ ਦੀ ਅਹਿਮ ਭੂਮਿਕਾ ਹੋਵੇਗੀ।
ਮੁੱਖ ਮੰਤਰੀ ਨੇ ਇਸ ਸਬੰਧੀ ਟਵੀਟ ਕਰਕੇ ਦੱਸਿਆ ਹੈ- ਆਮ ਲੋਕਾਂ ਨੂੰ ਲੋਕ ਭਲਾਈ ਸਕੀਮਾਂ ਦਾ ਲਾਭ ਮਿਲੇ..ਹਰ ਛੋਟੀ-ਵੱਡੀ ਸਮੱਸਿਆ ਦੇ ਨਿਪਟਾਰੇ ਅਤੇ ਨਾਲ ਹੀ ਹਲਕਿਆਂ ‘ਚ ਚੱਲ ਰਹੇ ਵਿਕਾਸ ਕਾਰਜਾਂ ‘ਚ ਤੇਜ਼ੀ ਲਿਆਉਣ..ਨਵੇਂ ਪ੍ਰੋਜੈਕਟਾਂ ਦੀ ਸਮੀਖਿਆ ਕਰਨ ਲਈ ਸਾਰੇ ਕੈਬਨਿਟ ਦੇ ਸਾਥੀਆਂ ਨੂੰ ਵੱਖ-ਵੱਖ ਜ਼ਿਲ੍ਹਿਆਂ ਦੀ ਜ਼ਿੰਮੇਵਾਰੀ ਸੌਂਪੀ..
ਮੁੱਖ ਮੰਤਰੀ ਵੱਲੋਂ ਜਾਰੀ ਕੀਤੀ ਗਈ ਸੂਚੀ ਦੇ ਮੁਤਾਬਿਕ ਵਿੱਤ ਮੰਤਰੀ ਹਰਪਾਲ ਚੀਮਾ ਨੂੰ ਪਟਿਆਲਾ,ਗੁਰਮੀਤ ਸਿੰਘ ਮੀਤ ਹੇਅਰ ਨੂੰ ਅੰਮ੍ਰਿਤਸਰ ਤੇ ਤਰਨਤਾਰਨ,ਡਾ. ਬਲਜੀਤ ਕੌਰ ਨੂੰ ਬਠਿੰਡਾ ਤੇ ਮਾਨਸਾ, ਹਰਭਜਨ ਸਿੰਘ ਨੂੰ ਫਿਰੋਜ਼ਪੁਰ ਤੇ ਮੋਗਾ,ਲਾਲ ਚੰਦ ਕਟਾਰੁਚੱਕ ਨੂੰ ਲੁਧਿਆਣਾ,ਕੁਲਦੀਪ ਸਿੰਘ ਧਾਲੀਵਾਲ ਨੂੰ ਗੁਰਦਾਸਪੁਰ ਤੇ ਪਠਾਨਕੋਟ ਦੀ ਜਿੰਮੇਵਾਰੀ ਸੌਂਪੀ ਗਈ ਹੈ।
ਇਸ ਤੋਂ ਇਲਾਵਾ ਲਾਲਜੀਤ ਸਿੰਘ ਭੁੱਲਰ ਨੂ ਸੰਗਰੂਰ,ਬ੍ਰਹਮ ਸ਼ੰਕਰ ਜ਼ਿੰਪਾ ਨੂੰ ਰੋਪੜ ਤੇ ਮੁਹਾਲੀ,ਹਰਜੋਤ ਬੈਂਸ ਨੂੰ ਹੁਸ਼ਿਆਰਪੁਰ,ਅਮਨ ਅਰੋੜਾ ਨੂੰ ਸ਼੍ਰੀ ਫਤਿਹਗੜ੍ਹ ਸਾਹਿਬ ਤੇ ਸ੍ਰੀ ਮੁਕਤਸਰ ਸਾਹਿਬ,ਡਾ. ਇੰਦਰਬੀਰ ਸਿੰਘ ਨਿੱਜਰ ਨੂੰ ਜਲੰਧਰ, ਫੌਜਾ ਸਿੰਘ ਨੂੰ ਫਰੀਦਕੋਟ ਤੇ ਫਜ਼ਿਲਕਾ,ਚੇਤਨ ਸਿੰਘ ਜੋੜਮਾਜਰਾ ਨੂੰ ਬਰਨਾਲਾ ਤੇ ਮਲੇਰਕੋਟਲਾ ਤੇ ਅਨਮੋਲ ਗਗਨ ਮਾਨ ਨੂੰ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਜਿਲ੍ਹੇ ਦੀ ਜਿੰਮੇਵਾਰੀ ਸੌਂਪੀ ਗਈ ਹੈ।