‘ਦ ਖ਼ਾਲਸ ਬਿਊਰੋ ( ਬਠਿੰਡਾ ) :- ਕੋਲਕਾਤਾ ਦੇ ਹਾਵੜਾ ਵਿੱਚ ਬੀਤੇ ਹਫ਼ਤੇ ਹੋਏ ਸੁਰੱਖਿਆ ਅਫ਼ਸਰ ਬਲਵਿੰਦਰ ਸਿੰਘ ਦੀ ਹਾਵੜਾ ਪੁਲੀਸ ਵੱਲੋਂ ਖਿੱਚਧੂਹ ਤੇ ਪੱਗ ਨੂੰ ਖਿੱਚਣ ਬੇਅਦਬੀ ਕਰਨ ਤੋਂ ਬਾਅਦ ਮਾਮਲਾ ਸਿੱਖ ਜਥੇਬੰਦੀਆਂ ਕੋਲ ਪੁੱਜ ਗਿਆ ਹੈ। ਜਿਸ ਤੋਂ ਬਾਅਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (DSGPC) ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਪੀੜਤ ਬਲਵਿੰਦਰ ਸਿੰਘ ਦੀ ਪਤਨੀ ਕਰਮਜੀਤ ਕੌਰ ਅਤੇ ਪਰਿਵਾਰਕ ਮੈਂਬਰ ਨਾਲ ਹਾਵੜਾ ਪੁੱਜ ਗਏ ਹਨ, ਜਿੱਥੇ ਸਿੱਖ ਜਥੇਬੰਦੀਆਂ ਵੱਲੋਂ ਮਮਤਾ ਬੈਨਰਜੀ ਸਰਕਾਰ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਰੈਲੀ ਦੌਰਾਨ ਹਾਵੜਾ ਪੁਲੀਸ ਨੇ ਦਰਜਨ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਸੀ।
ਬਲਵਿੰਦਰ ਸਿੰਘ ਜ਼ਿਲ੍ਹੇ ਦੀ ਹੱਦ ’ਤੇ ਵਸੇ ਪਿੰਡ ਬਰਕੰਦੀ ਦਾ ਰਹਿਣ ਵਾਲਾ ਹੈ। ਪਿੰਡ ਬਰਕੰਦੀ ਤੋਂ ਬਲਵਿੰਦਰ ਸਿੰਘ ਦੇ ਪਿਤਾ ਗੁਰਤੇਜ ਸਿੰਘ ਨੇ ਦੱਸਿਆ ਕਿ ਉਸ ਦੇ ਪੁੱਤਰ ਦਾ ਕੋਈ ਕਸੂਰ ਨਹੀਂ ਸੀ। ਬਲਵਿੰਦਰ ਫ਼ੌਜ ਤੋਂ ਸੇਵਾਮੁਕਤ ਹੋਇਆ ਹੈ। ਉਹ ਸਪੈਸ਼ਲ ਫੋਰਸ ਦਾ ਬਲੈਕ ਕਮਾਂਡੋ ਰਿਹਾ ਹੈ ਜਿਸ ਨੇ ਭਾਰਤ-ਪਾਕਿ ਕਾਰਗਿਲ ਯੁੱਧ ਵਿੱਚ ਅਹਿਮ ਭੂਮਿਕਾ ਨਿਭਾਈ ਸੀ।
ਬਠਿੰਡਾ ਤੋਂ ਗਏ ਪਰਿਵਾਰਿਕ ਮੈਂਬਰ ਰੁਪਿੰਦਰ ਸਿੰਘ ਨੇ ਹਾਵੜਾ ਤੋਂ ਦੱਸਿਆ ਕਿ ਉਨ੍ਹਾਂ ਲੋਕਲ ਸਿੱਖ ਜਥੇਬੰਦੀਆਂ ਨਾਲ ਮਮਤਾ ਬੈਨਰਜੀ ਸਰਕਾਰ ਨੂੰ ਮੰਗ ਪੱਤਰ ਦਿੱਤਾ ਹੈ। ਬਲਵਿੰਦਰ ਸਿੰਘ ਨੂੰ ਹਾਵੜਾ ਪੁਲੀਸ ਸਟੇਸ਼ਨ ਵਿੱਚ ਰੱਖਿਆ ਗਿਆ ਹੈ। ਲੋਕਲ ਪੁਲੀਸ ਹਫ਼ਤਾ ਬੀਤਣ ਦੇ ਬਾਵਜੂਦ ਜਾਂਚ ਦੀ ਗੱਲ ਕਰ ਰਹੀ ਹੈ। ਬਲਵਿੰਦਰ ਸਿੰਘ ਦੀ ਪਤਨੀ ਕਰਮਜੀਤ ਕੌਰ ਤੇ ਪਰਿਵਾਰ ਨੇ ਬੰਗਾਲ ਸਰਕਾਰ ਤੋਂ ਇਨਸਾਫ਼ ਦੀ ਮੰਗ ਕੀਤੀ ਹੈ।

