‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਭਾਰਤੀ ਅੰਬੈਸੀ ਮੁਤਾਬਕ ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਵੀਕੈਂਡ ਕਰਫਿਊ ਹਟਾ ਦਿੱਤਾ ਗਿਆ ਹੈ। ਕਰਫਿਊ ਹਟਣ ਤੋਂ ਬਾਅਦ ਭਾਰਤੀ ਦੂਤਾਵਾਸ ਨੇ ਸਾਰੇ ਭਾਰਤੀ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਰੇਲਵੇ ਸਟੇਸ਼ਨ ਜਾ ਸਕਦੇ ਹਨ ਤਾਂ ਜੋ ਉਹ ਪੱਛਮੀ ਹਿੱਸੇ ਵਿੱਚ ਪਹੁੰਚ ਸਕਣ। ਭਾਰਤੀ ਦੂਤਾਵਾਸ ਨੇ ਦੱਸਿਆ ਕਿ ਯੂਕਰੇਨ ਰੇਲਵੇ ਨੇ ਲੋਕਾਂ ਨੂੰ ਬਾਹਰ ਕੱਢਣ ਦੇ ਲਈ ਵਿਸ਼ੇਸ਼ ਰੇਲ ਗੱਡੀਆਂ ਦਾ ਪ੍ਰਬੰਧ ਕੀਤਾ ਹੈ। ਸਥਾਨਕ ਸਮੇਂ ਮੁਤਾਬਕ ਕੀਵ ਵਿੱਚ ਸਵੇਰੇ ਅੱਠ ਵਜੇ ਕਰਫ਼ਿਊ ਹਟਾ ਦਿੱਤਾ ਗਿਆ ਅਤੇ ਲੋਕ ਅੰਡਰਗਰਾਊਂਡ ਸ਼ੈਲਟਰਜ਼ ਤੋਂ ਬਾਹਰ ਨਿਕਲ ਸਕਦੇ ਹਨ। ਯੂਕਰੇਨ ਵਿੱਚ ਫਸੇ ਭਾਰਤੀਆਂ ਨੂੰ ਦੇਸ਼ ਲਿਆਉਣ ਦਾ ਕੰਮ ਚੱਲ ਰਿਹਾ ਹੈ। ਅੱਜ ਦੋ ਫਲਾਈਟਾਂ ਵਿੱਚ 489 ਭਾਰਤੀ ਦਿੱਲੀ ਪਹੁੰਚੇ ਹਨ।
ਜ਼ਰੂਰੀ ਸਮਾਨ ਦੀਆਂ ਦੁਕਾਨਾਂ ਹੁਣ ਖੁੱਲ੍ਹਣਗੀਆਂ ਅਤੇ ਜਨਤਕ ਟ੍ਰਾਂਸਪੋਰਟ ਸ਼ੁਰੂ ਹੋਵੇਗਾ। ਕੱਲ੍ਹ ਰਾਤ 10 ਵਜੇ ਦੁਬਾਰਾ ਕਰਫ਼ਿਊ ਲੱਗ ਜਾਵੇਗਾ ਜੋ ਸਵੇਰੇ ਸੱਤ ਵਜੇ ਤੱਕ ਰਹੇਗਾ। ਪਰ ਇੱਥੇ ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਜਦੋਂ ਤੱਕ ਜ਼ਰੂਰੀ ਨਾ ਹੋਵੇ, ਉਹ ਆਪਣੇ ਘਰਾਂ ਜਾਂ ਫਿਰ ਉਨ੍ਹਾਂ ਦਾ ਜਿੱਥੇ ਵੀ ਰਹਿਣਾ ਦਾ ਠਿਕਾਣਾ ਹੈ, ਉੱਥੋਂ ਬਾਹਰ ਨਾ ਨਿਕਲਣ। ਹਾਲਾਂਕਿ, ਸਬਵੇ ਟ੍ਰੇਨ ਘੱਟ ਹੀ ਚੱਲਣਗੀਆਂ। ਸ਼ਨੀਵਾਰ ਅਤੇ ਐਤਵਾਰ ਨੂੰ ਲਗਾਤਾਰ ਕਈ ਧਮਾਕੇ ਹੋਏ ਪਰ ਇਹ ਸਿਰਫ ਕੇਂਦਰੀ ਕੀਵ ਦੇ ਬਾਹਰ ਹੀ ਹੋਏ। ਰੂਸੀ ਮਿਜ਼ਾ ਈਲਾਂ ਨੂੰ ਸ਼ਹਿਰ ਦੇ ਕੇਂਦਰ ਤੱਕ ਦਾਗਿਆ ਗਿਆ ਸੀ ਉਹ ਬੇਅਸਰ ਰਹੀਆਂ ਅਤੇ ਰਾਜਧਾਨੀ ਅਜੇ ਵੀ ਯੂਕਰੇਨ ਦੇ ਹੱਥਾਂ ਵਿੱਚ ਹੈ।
ਹਾਲਾਂਕਿ, ਕੀਵ ਦੇ ਅਧਿਕਾਰੀਆਂ ਨੇ ਚਿ ਤਾਵਨੀ ਦਿੱਤੀ ਹੈ ਕਿ ਯੁੱ ਧ ਹਾਲੇ ਖਤਮ ਨਹੀਂ ਹੋਇਆ ਹੈ ਕਿਉਂਕਿ ਸ਼ਹਿਰ ਦੇ ਲਗਭਗ ਹਰ ਜ਼ਿਲ੍ਹੇ ਵਿੱਚ ਸੜਕਾਂ ‘ਤੇ ਸੰਘਰਸ਼ ਜਾਰੀ ਹੈ। ਕੀਵ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਹੁਣ ਜਦੋਂ ਲੋਕ ਸਵੇਰੇ ਉੱਠ ਕੇ ਸ਼ਹਿਰ ਨੂੰ ਦੇਖਣਗੇ ਤਾਂ ਉਨ੍ਹਾਂ ਨੂੰ ਪਹਿਲਾਂ ਵਰਗਾ ਕੁੱਝ ਨਹੀਂ ਦਿਖਾਈ ਦੇਵੇਗਾ। ਕੀਵ ਪ੍ਰਸ਼ਾਸਨ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਜਦੋਂ ਤੁਸੀਂ ਸਵੇਰੇ 8 ਵਜੇ ਤੋਂ ਬਾਅਦ ਸ਼ਹਿਰ ਤੋਂ ਨਿਕਲੋਗੇ ਤਾਂ ਤੁਸੀਂ ਕੀਵ ਦੀਆਂ ਸਾਰੀਆਂ ਸੜਕਾਂ ‘ਤੇ ਹਰ ਪਾਸੇ ਕਿਲਾਬੰਦੀ, ਐਂਟੀ-ਟੈਂਕ ਸਾਜ਼ੋ-ਸਾਮਾਨ ਅਤੇ ਹੋਰ ਹ ਥਿਆਰ ਵੇਖੋਗੇ।
ਯੂਕਰੇਨ ਵਿੱਚ ਫਸੇ ਭਾਰਤੀ ਨਾਗਰਿਕਾਂ ਨੂੰ ਕੱਢਣ ਲਈ ਭਾਰਤ ਸਰਕਾਰ ਨੇ ਆਪ੍ਰੇਸ਼ਨ ਗੰਗਾ ਚਲਾਇਆ ਸੀ। ਭਾਰਤ ਸਰਕਾਰ ਨੇ ਐਲਾਨ ਕੀਤਾ ਸੀ ਕਿ ਯੁੱਧ ਪ੍ਰਭਾਵਿਤ ਯੂਕਰੇਨ ਮੁਲਕ ਵਿੱਚ ਫਸੇ ਹਜ਼ਾਰਾਂ ਭਾਰਤੀਆਂ ਨੂੰ ਯੂਕਰੇਨ ਤੋਂ ਰੋਮਾਨੀਆ ਰਾਹੀਂ ਕੱਢਿਆ ਜਾਵੇਗਾ। ਸਰਕਾਰ ਨੇ ਭਾਰਤੀ ਨਾਗਰਿਕਾਂ ਦੀ ਯੂਕਰੇਨ ਤੋਂ ਸੁਰੱਖਿਅਤ ਦੇਸ਼ ਵਾਪਸੀ ’ਤੇ ਆਉਣ ਵਾਲਾ ਸਾਰਾ ਖਰਚ ਚੁੱਕਣ ਦਾ ਦਾਅਵਾ ਵੀ ਕੀਤਾ ਹੈ। ਯੂਕਰੇਨ ਤੋਂ ਬਹੁਤ ਸਾਰੇ ਲੋਕ ਪਹਿਲਾਂ ਹੀ ਵਾਪਸ ਆ ਚੁੱਕੇ ਸਨ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਭਾਰਤੀ ਵਿਦੇਸ਼ ਮੰਤਰਾਲੇ ਨੂੰ ਚਿੱਠੀ ਲਿਖ ਕੇ ਭਾਰਤੀਆਂ ਨੂੰ ਵਾਪਸ ਲਿਆਉਣ ਦੀ ਅਪੀਲ ਕੀਤੀ ਸੀ।