Punjab

ਚੰਡੀਗੜ੍ਹ ਪ੍ਰੈੱਸ ਕਲੱਬ ‘ਚ ਪੰਜਾਬੀ ਫੁੱਲਵਾੜੀ ਸਾਹਿਤਿਕ ਵੈੱਬਪੋਰਟਲ ਲਾਂਚ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਪ੍ਰਸਿੱਧ ਸਾਹਿਤਕਾਰ ਮਰਹੂਮ ਸਾਹਿਤਕਾਰ ਗਿਆਨੀ ਹੀਰਾ ਸਿੰਘ ਦਰਦ ਨੂੰ ਸਮਰਪਿਤ ਇਕ ਨਿਰੋਲ ਸਾਹਿਤਿਕ ਪੰਜਾਬੀ ਵੈੱਬਪੋਰਟਲ ਪੰਜਾਬੀ ਫੁੱਲਵਾੜੀ ਲਾਂਚ ਕੀਤਾ ਗਿਆ।

ਇਸ ਮੌਕੇ ਇਸਦਾ ਰਸਮੀ ਉਦਘਾਟਨ ਕਰਨ ਲਈ ਮੁੱਖ ਮਹਿਮਾਨ ਦੇ ਰੂਪ ਵਿੱਚ ਹਾਜਿਰ ਹੋਏ ਪਦਮਸ਼੍ਰੀ ਸੁਰਜੀਤ ਪਾਤਰ ਨੇ ਕਲਿੱਕ ਪੋਰਟਲ ਨੂੰ ਸਾਹਿਤ ਪ੍ਰੇਮੀਆਂ ਨੂੰ ਸਮਰਪਿਤ ਕੀਤਾ। ਇਸ ਦੌਰਾਨ ਉਨ੍ਹਾਂ ਨਾਲ ਮੰਚ ਉੱਤੇ ਉਚੇਚੇ ਤੌਰ ਉੱਤੇ ਕਵਿੱਤਰੀ ਮਨਜੀਤ ਇੰਦਰਾ, ਡਾ. ਹਰਜੀਤ ਸਿੰਘ, ਡਾਇਰੈਕਟਰ ਰਾਜਦੀਪ, ਡਾ. ਹਰਜੀਤ ਸਿੰਘ, ਪ੍ਰਸਿੱਧ ਫਿਲਮਕਾਰ ਤੇ ਨਾਟਕ ਲੇਖਕ ਪਾਲੀ ਭੁਪਿੰਦਰ ਤੇ ਕਵਿੱਤਰੀ ਇੰਦਰਜੀਤ ਨੰਦਨ ਮੌਜੂਦ ਸਨ।

ਉਦਘਾਟਨ ਤੋਂ ਬਾਅਦ ਸੰਬੋਧਨ ਕਰਦਿਆਂ ਸੁਰਜੀਤ ਪਾਤਰ ਨੇ ਕਿਹਾ ਕਿ ਪੁਰਾਣੇ ਸਾਹਿਤ ਦੀ ਹਰ ਵੰਨਗੀ ਨੂੰ ਸਾਂਭਣ ਲਈ ਪੰਜਾਬੀ ਫੁੱਲਵਾੜੀ ਇਕ ਅਹਿਮ ਉਪਰਾਲਾ ਹੈ। ਪਾਲੀ ਭੁਪਿੰਦਰ ਨੇ ਕਿਹਾ ਕਿ ਪਹਿਲਾਂ ਸਾਹਿਤਕਾਰ ਸਿਰਫ ਲਿਖਦੇ ਸਨ, ਹੁਣ ਦੌਰ ਬਦਲ ਗਿਆ ਹੈ ਤੇ ਡਿਜਟਲ ਤਰੀਕੇ ਆ ਗਏ ਹਨ। ਇਨ੍ਹਾਂ ਵਿੱਚ ਸਾਹਿਤਿਕ ਵੈੱਬ ਪੋਰਟਲ ਨਵੀਂ ਪੀੜ੍ਹੀ ਨੂੰ ਸਾਹਿਤ ਨਾਲ ਜੋੜਨ ਦਾ ਚੰਗਾ ਉੱਦਮ ਹੋ ਸਕਦੇ ਹਨ।

ਪੋਰਟਲ ਬਾਰੇ ਜਾਣਕਾਰੀ ਦਿੰਦਿਆਂ ਐੱਨ ਨਵਰਾਹੀ ਨੇ ਕਿਹਾ ਇਸ ਸਾਹਿਤ ਦੀ ਹਰ ਵਿਧਾ ਸਾਂਭਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸਦਾ ਵੈੱਬ ਦੇ ਨਾਲ ਨਾਲ ਯੂਟਿਊਬ ਰੂਪ ਵੀ ਜਲਦ ਪਾਠਕਾਂ ਨੂੰ ਦੇਖਣ ਲਈ ਮਿਲੇਗਾ। ਕਾਲਮ ਦੇ ਰੂਪ ਵਿਚ ਸਾਹਿਤ ਨਾਲ ਜੁੜੀ ਹਰ ਜਾਣਕਾਰੀ ਇਸ ਪੋਰਟਲ ਦਾ ਸ਼ਿੰਗਾਰ ਹੈ।