ਬਿਉਰੋ ਰਿਪੋਰਟ (ਖ਼ੁਸ਼ਵੰਤ ਸਿੰਘ) – ਪਿਛਲੇ ਹਫ਼ਤੇ ਪੰਜਾਬ ਵਿੱਚ ਮੀਂਹ ਅਤੇ ਤੇਜ਼ ਹਵਾਵਾਂ ਦੀ ਵਜ੍ਹਾ ਕਰਕੇ ਜਿਹੜਾ ਪਾਰਾ ਹੇਠਾਂ ਆਇਆ ਸੀ, ਹੁਣ ਉਸ ਦੇ ਉਲਟ ਗਰਮੀ ਨੇ ਮੁੜ ਤੋਂ ਆਪਣਾ ਰੰਗ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ। ਦਿਨ ਦਾ ਤਾਪਮਾਨ 3 ਡਿਗਰੀ ਵਧਿਆ ਹੈ ਜਦਕਿ ਸਵੇਰ ਦੇ ਤਾਪਮਾਨ ਵਿੱਚ ਵੀ 1 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਹੈ। ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਦਾ ਤਾਪਮਾਨ ਜਿਹੜਾ 40 ਤੋਂ ਹੇਠਾਂ ਆ ਗਿਆ ਸੀ, ਉਹ ਹੁਣ 42 ਡਿਗਰੀ ਨੂੰ ਪਾਰ ਕਰ ਗਿਆ ਹੈ। ਅੱਜ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਦਿਨ ਦਾ ਤਾਪਮਾਨ 44 ਡਿਗਰੀ ਰਹਿਣ ਦੀ ਉਮੀਦ ਹੈ ਅਤੇ 3 ਤੋਂ 4 ਦਿਨ ਸੂਬੇ ਦਾ ਤਾਪਮਾਨ 45 ਡਿਗਰੀ ਤੱਕ ਪਹੁੰਚੇਗਾ।
ਮਾੜੀ ਖ਼ਬਰ ਇਹ ਵੀ ਹੈ ਕਿ ਆਉਣ ਵਾਲੇ 2 ਹਫਤਿਆਂ ਵਿੱਚ ਮੀਂਹ ਦੀ ਸੰਭਾਵਨਾ ਨਾ ਦੇ ਬਰਾਬਰ ਹੈ। ਮੌਸਮ ਵਿਭਾਗ ਨੇ ਅਗਲੇ 5 ਦਿਨਾਂ ਦੇ ਲਈ ਯੈਲੋ ਅਲਰਟ ਜਾਰੀ ਕੀਤਾ ਹੈ। 11 ਜੂਨ ਨੂੰ ਪੱਛਮੀ ਮਾਲਵਾ ਵਿੱਚ ਹੀਟਵੇਵ ਦਾ ਅਸਰ ਵੇਖਣ ਨੂੰ ਮਿਲੇਗਾ। ਮੰਗਰਵਾਰ ਫਾਜ਼ਿਲਕਾ, ਫਿਰੋਜ਼ਪੁਰ, ਮੁਕਤਸਰ, ਫਰੀਦਕੋਟ, ਮੋਗਾ, ਮਾਨਸਾ ਅਤੇ ਬਠਿੰਡਾ ਵਿੱਚ ਯੈਲੋ ਅਲਰਟ ਹੈ। ਸਭ ਤੋਂ ਵੱਧ ਦਿਨ ਦਾ ਤਾਪਮਾਨ ਅੰਮ੍ਰਿਤਸਰ ਤੇ ਪਟਿਆਲਾ ਵਿੱਚ 42.7 ਡਿਗਰੀ ਰਿਕਾਰਡ ਕੀਤਾ ਗਿਆ ਹੈ ਜੋ ਆਮ ਨਾਲੋਂ 3 ਡਿਗਰੀ ਵੱਧ ਹੈ।
ਉੱਧਰ ਗੁਆਂਢੀ ਸੂਬੇ ਹਰਿਆਣਾ ਦਾ ਦਿਨ ਤਾਪਮਾਨ ਵੀ ਹੁਣ 2.2 ਡਿਗਰੀ ਦਾ ਵੱਡਾ ਵਾਧਾ ਦਰਜ ਕੀਤਾ ਗਿਆ। ਹਰਿਆਣਾ ਦੇ ਹੁਣ ਸਾਰਿਆਂ ਜ਼ਿਲ੍ਹਿਆਂ ਦਾ ਤਾਪਮਾਨ 42 ਡਿਗਰੀ ਪਹੁੰਚ ਗਿਆ ਹੈ ਜਦਕਿ ਮੇਵਾਤ ਦਾ ਤਾਪਮਾਨ ਸਭ ਤੋਂ ਵੱਧ 44.8 ਡਿਗਰੀ ਦਰਜ ਕੀਤਾ ਗਿਆ ਹੈ। ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਬੀਤੇ ਦਿਨ ਤਾਪਮਾਨ ਵੀ ਕਮੀ ਦਰਜ ਕੀਤੀ ਗਈ ਸੀ। ਪਰ ਅੱਜ ਮੁੜ ਤੋਂ ਤਾਪਮਾਨ 40 ਪਾਰ ਕਰ ਗਿਆ ਹੈ।
ਗਰਮੀ ਤੋਂ ਬਚਣ ਦੇ ਹਿਮਾਚਲ ਜਾਣ ਦਾ ਪ੍ਰੋਗਾਰਮ ਬਣਾ ਰਹੇ ਹੋ ਤਾਂ ਅਗਲੇ 5 ਦਿਨ ਬਿਲਕੁਲ ਵੀ ਨਾ ਜਾਣਾ, ਕਿਉਂਕਿ ਮੀਂਹ ਦੇ ਬਿਲਕੁਲ ਵੀ ਅਸਾਰ ਨਹੀਂ ਹਨ, ਬਲਕਿ ਅੱਤ ਦੀ ਗਰਮੀ ਪੈ ਰਹੀ ਹੈ। ਪ੍ਰੀਮਾਨਸੂਨ ਦੀਆਂ ਬੁਛਾੜਾਂ ਦੇ ਲਈ ਤੁਹਾਨੂੰ ਹੋਰ ਇੰਤਜ਼ਾਰ ਕਰਨਾ ਹੋਵੇਗਾ। ਹਿਮਾਚਲ ਦੇ 40 ਸ਼ਹਿਰਾਂ ਦਾ ਤਾਪਮਾਨ 40 ਡਿਗਰੀ ਨੂੰ ਵੀ ਪਾਰ ਕਰ ਗਿਆ ਹੈ। ਹਮੀਰਪੁਰ, ਬਿਲਾਸਪੁਰ, ਕਾਂਗੜਾ, ਸੋਲਨ ਅਤੇ ਸਿਰਮੌਕ ਵਿੱਚ ਜ਼ਬਰਦਸਤ ਗਰਮੀ ਪੈ ਰਹੀ ਹੈ। 22 ਤੋਂ 25 ਜੂਨ ਦੇ ਵਿਚਾਲੇ ਮਾਨਸੂਨ ਦੀ ਐਂਟਰੀ ਹੋਵੇਗੀ।
ਉੱਧਰ ਮੱਧ ਪ੍ਰਦੇਸ਼ ਵਿੱਚ ਸਵੇਰ ਤੋਂ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ। 17 ਤੋਂ 18 ਜੂਨ ਦੇ ਵਿਚਾਲੇ ਮੱਧ ਪ੍ਰਦੇਸ਼ ਵਿੱਚ ਮਾਨਸੂਨ ਦੀ ਐਂਟਰੀ ਹੋਵੇਗੀ।