ਅੱਜ ਤੋਂ ਪੰਜਾਬ, ਹਰਿਆਣਾ ਅਤੇ ਹਿਮਾਚਲ ਦਾ ਮੌਸਮ ਬਿਲਕੁਲ ਬਦਲਣ ਵਾਲਾ ਹੈ। ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਅੱਜ ਤੋਂ 29 ਅਪ੍ਰੈਲ ਤੱਕ ਮੀਂਹ, ਗੜ੍ਹੇਮਾਰੀ ਦੇ ਨਾਲ 40 ਕਿਲੋਮੀਟਰ ਦੀ ਰਫ਼ਤਾਰ ਦੇ ਨਾਲ ਹਵਾਵਾਂ ਚੱਲਣਗੀਆਂ। ਮੌਸਮ ਵਿਭਾਗ ਨੇ ਕਿਸਾਨਾਂ ਤੇ ਆਮ ਲੋਕਾਂ ਨੂੰ ਅਗਲੇ ਤਿੰਨ ਦਿਨਾਂ ਦੇ ਲਈ ਔਰੈਂਜ ਅਲਰਟ ਕੀਤਾ ਹੈ।
ਅਜਨਾਲਾ ਵਿੱਚ ਮੀਂਹ ਨਾਲ ਗੜੇਮਾਰੀ ਦੀਆਂ ਰਿਪੋਰਟਾਂ ਆ ਰਹੀਆਂ ਹਨ। ਅੱਜ ਦੁਪਹਿਰ 2:55PM ਦੇ ਕਰੀਬ ਅਜਨਾਲਾ ਦੇ ਕੁੱਕੜਾਵਾਲਾ ਵਿੱਚ ਮੀਂਹ ਨਾਲ ਗੜੇ ਡਿੱਗੇ।
ਹਾਲਾਂਕਿ ਪੰਜਾਬ ਵਿੱਚ ਅੱਜ ਘੱਟੋ-ਘੱਟ ਤਾਪਮਾਨ ਵਿੱਚ ਮੁੜ ਤੋਂ 1.9 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਹੈ। ਜਿਸ ਦੀ ਵਜ੍ਹਾ ਕਰਕੇ ਰੂਪਨਗਰ ਨੂੰ ਛੱਡ ਕੇ ਸਾਰੇ ਜ਼ਿਲ੍ਹਿਆਂ ਦਾ ਤਾਪਮਾਨ 20 ਤੋਂ ਉੱਤੇ ਦਰਜ ਕੀਤਾ ਗਿਆ ਹੈ। ਸਭ ਤੋਂ ਵੱਧ ਤਾਪਮਾਨ ਸ਼ਹੀਦ ਭਗਤ ਸਿੰਘ ਨਗਰ ਦਾ 25 ਡਿਗਰੀ ਦਰਜ ਕੀਤਾ ਗਿਆ ਹੈ। ਚੰਡੀਗੜ੍ਹ, ਅੰਮ੍ਰਿਤਸਰ, ਪਟਿਆਲਾ, ਪਠਾਨਕੋਟ, ਬਰਨਾਲਾ, ਬਠਿੰਡਾ ਦਾ ਤਾਪਮਾਨ 19 ਤੋਂ 20 ਡਿਗਰੀ ਦੇ ਵਿਚਾਲੇ ਰਿਹਾ।
ਉੱਧਰ ਗੁਆਂਢੀ ਸੂਬੇ ਹਰਿਆਣਾ ਵਿੱਚ ਵੀ 1.2 ਡਿਗਰੀ ਦਾ ਘੱਟੋ-ਘੱਟ ਤਾਪਮਾਨ ਵਿੱਚ ਵਾਧਾ ਦਰਜ ਕੀਤਾ ਗਿਆ ਹੈ। ਪੰਚਕੁਲਾ ਦਾ ਸਭ ਤੋਂ ਘੱਟ 19 ਡਿਗਰੀ ਤਾਪਮਾਨ ਰਿਹਾ ਜਦਕਿ ਭਿਵਾਨੀ ਤੇ ਚਰਖੀਦਾਦਰੀ ਦਾ ਸਭ ਤੋਂ ਵੱਧ 26 ਡਿਗਰੀ ਤਾਪਮਾਨ ਪਹੁੰਚ ਗਿਆ ਹੈ।
ਹਿਮਾਚਲ ਪ੍ਰਦੇਸ਼ ਵਿੱਚ ਵੀਰਵਾਰ ਨੂੰ ਮੌਸਮ ਖ਼ਰਾਬ ਰਿਹਾ। ਇਸ ਦੌਰਾਨ ਕਈ ਇਲਾਕਿਆਂ ‘ਚ ਭਾਰੀ ਮੀਂਹ ਪਿਆ। ਇਸ ਤੋਂ ਇਲਾਵਾ ਤੂਫਾਨ ਨੇ ਵੀ ਮੁਸੀਬਤ ਲਿਆਂਦੀ ਹੈ। ਹੁਣ ਸ਼ੁੱਕਰਵਾਰ ਨੂੰ ਸੂਬੇ ‘ਚ ਧੁੱਪ ਨਿਕਲ ਰਹੀ ਹੈ ਪਰ ਆਉਣ ਵਾਲੇ ਦਿਨਾਂ ‘ਚ ਫਿਰ ਤੋਂ ਮੀਂਹ ਪੈਣ ਦੀ ਸੰਭਾਵਨਾ ਹੈ। ਸ਼ਿਮਲਾ ਮੌਸਮ ਵਿਗਿਆਨ ਕੇਂਦਰ ਨੇ ਅਗਲੇ 6 ਦਿਨਾਂ ਲਈ ਖ਼ਰਾਬ ਮੌਸਮ ਦੀ ਭਵਿੱਖਬਾਣੀ ਕੀਤੀ ਹੈ।
ਉੱਧਰ ਮੱਧ ਪ੍ਰਦੇਸ਼ ਵਿੱਚ ਵੀ ਮੀਂਹ ਸ਼ੁਰੂ ਹੋ ਗਿਆ ਹੈ। ਪੂਰੇ ਸੂਬੇ ਵਿੱਚ ਅਪ੍ਰੈਲ ਦੇ ਅਖ਼ੀਰਲੇ ਹਫ਼ਤੇ ਤੱਕ ਮੀਂਹ ਪਵੇਗਾ। ਮੱਧ ਪ੍ਰਦੇਸ਼ ਵਿੱਚ ਇਸ ਵਾਰ ਲਗਾਤਾਰ 6 ਦਿਨ ਅਪ੍ਰੈਲ ਵਿੱਚ ਮੀਂਹ ਪੈਣ ਦਾ ਰਿਕਾਰਡ ਬਣਿਆ। ਸਿਰਫ਼ ਇੰਨਾਂ ਹੀ ਨਹੀਂ ਅਪ੍ਰੈਲ ਅੰਦਰ ਸੂਬੇ ਵਿੱਚ 11 ਦਿਨ ਹੁਣ ਤੱਕ ਮੀਂਹ ਪੈ ਚੁੱਕਿਆ ਹੈ।
ਉਧਰ ਰਾਜਸਥਾਨ ਵਿੱਚ ਅੱਜ ਹਨੇਰੀ ਅਤੇ ਮੀਂਹ ਪੈ ਰਿਹਾ ਹੈ। ਹਾਲਾਂਕਿ 20 ਸ਼ਹਿਰਾਂ ਵਿੱਚ ਪਾਰਾ 40 ਡਿਗਰੀ ਪਾਰ ਕਰ ਗਿਆ ਹੈ।