ਬਿਉਰੋ ਰਿਪੋਰਟ: ਹਿਮਾਚਲ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿੱਚ ਐਤਵਾਰ ਦੇਰ ਰਾਤ ਭਾਰੀ ਮੀਂਹ ਪਿਆ। ਇਸ ਤੋਂ ਬਾਅਦ ਕਈ ਥਾਵਾਂ ’ਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਸਾਹਮਣੇ ਆਈਆਂ। ਚੰਡੀਗੜ੍ਹ-ਸ਼ਿਮਲਾ ਨੈਸ਼ਨਲ ਹਾਈਵੇ-5 ’ਤੇ ਪਹਾੜ ਡਿੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਇਸ ਦੇ ਨਾਲ ਹੀ 3 ਲੋਕ ਜ਼ਖਮੀ ਹੋ ਗਏ।
ਅੱਜ 15 ਸੂਬਿਆਂ ’ਚ ਮੀਂਹ ਦਾ ਅਲਰਟ
ਭਾਰਤੀ ਮੌਸਮ ਵਿਭਾਗ (IMD) ਨੇ ਸੋਮਵਾਰ, 29 ਜੁਲਾਈ ਨੂੰ 15 ਰਾਜਾਂ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਇਨ੍ਹਾਂ ਵਿੱਚੋਂ ਗੁਜਰਾਤ ਤੇ ਰਾਜਸਥਾਨ ਵਿੱਚ ਬਹੁਤ ਭਾਰੀ ਮੀਂਹ ਪਵੇਗਾ ਜਦਕਿ ਮੱਧ ਪ੍ਰਦੇਸ਼, ਗੋਆ, ਮਹਾਰਾਸ਼ਟਰ, ਜੰਮੂ ਅਤੇ ਕਸ਼ਮੀਰ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਹਰਿਆਣਾ, ਦਿੱਲੀ, ਚੰਡੀਗੜ੍ਹ, ਕਰਨਾਟਕ, ਕੇਰਲਾ, ਨਾਗਾਲੈਂਡ, ਮਨੀਪੁਰ, ਮਿਜ਼ੋਰਮ, ਤ੍ਰਿਪੁਰਾ, ਅੰਡੇਮਾਨ ਅਤੇ ਨਿਕੋਬਾਰ ਵਿੱਚ ਭਾਰੀ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ।
ਕੱਲ੍ਹ ਪੰਜਾਬ ਸਣੇ ਦੇਸ਼ ਦੇ ਕਈ ਹਿੱਸਿਆਂ ਵਿੱਚ ਮੀਂਹ ਦੀ ਸੰਭਾਵਨਾ
ਇਸ ਤੋਂ ਬਾਅਦ ਕੱਲ੍ਹ 30 ਜੁਲਾਈ ਨੂੰ ਨਾਗਾਲੈਂਡ, ਮਨੀਪੁਰ, ਮਿਜ਼ੋਰਮ ਅਤੇ ਤ੍ਰਿਪੁਰਾ ਵਿੱਚ ਭਾਰੀ ਤੋਂ ਬਹੁਤ ਭਾਰੀ ਵਰਖਾ (12 ਸੈਂਟੀਮੀਟਰ ਤੋਂ ਵੱਧ) ਹੋ ਸਕਦੀ ਹੈ ਜਦਕਿ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਪੰਜਾਬ, ਉੱਤਰ ਪ੍ਰਦੇਸ਼, ਪੂਰਬੀ ਰਾਜਸਥਾਨ, ਹਰਿਆਣਾ, ਚੰਡੀਗੜ੍ਹ, ਦਿੱਲੀ, ਛੱਤੀਸਗੜ੍ਹ, ਪੱਛਮੀ ਬੰਗਾਲ, ਬਿਹਾਰ, ਝਾਰਖੰਡ, ਉੜੀਸਾ, ਗੋਆ, ਮੱਧ ਮਹਾਰਾਸ਼ਟਰ, ਤੇ ਗੁਜਰਾਤ ਵਿੱਚ ਭਾਰੀ ਮੀਂਹ (7 ਸੈਂਟੀਮੀਟਰ ਤੱਕ) ਹੋ ਸਕਦਾ ਹੈ। ਹੈ।
ਹਿਮਾਚਲ ਵਿੱਚ 80 ਤੋਂ ਵੱਧ ਸੜਕਾਂ ਬੰਦ
ਇਸ ਸਮੇਂ ਹਿਮਾਚਲ ’ਚ ਵੱਖ-ਵੱਖ ਥਾਵਾਂ ’ਤੇ ਜ਼ਮੀਨ ਖਿਸਕਣ ਕਾਰਨ 80 ਤੋਂ ਵੱਧ ਸੜਕਾਂ ਬੰਦ ਹੋ ਗਈਆਂ ਹਨ। ਇਸ ਤੋਂ ਇਲਾਵਾ ਕਿਨੌਰ ਜ਼ਿਲ੍ਹੇ ਵਿੱਚ ਵੀ ਬੱਦਲ ਫਟ ਗਿਆ ਹੈ। ਇਸ ਕਾਰਨ ਇਲਾਕੇ ਵਿੱਚ ਭਾਰੀ ਮੀਂਹ ਪੈ ਰਿਹਾ ਹੈ। ਪਾਣੀ ਲੋਕਾਂ ਦੇ ਘਰਾਂ ਵਿੱਚ ਵੜ ਗਿਆ ਹੈ।
ਦੂਜੇ ਪਾਸੇ ਉੱਤਰ ਪ੍ਰਦੇਸ਼ ਦੇ ਲਲਿਤਪੁਰ ਵਿੱਚ ਮੀਂਹ ਕਾਰਨ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ। ਰਾਜਘਾਟ ਡੈਮ ਦੇ 8 ਦਰਵਾਜ਼ੇ ਅਤੇ ਮਾਤਾਟੀਲਾ ਡੈਮ ਦੇ 20 ਗੇਟ ਖੋਲ੍ਹੇ ਗਏ ਹਨ। ਇਸ ਕਾਰਨ ਬੇਤਵਾ ਨਦੀ ਵਿੱਚ ਉਛਾਲ ਆ ਗਿਆ। ਦਰਿਆ ਕੰਢੇ ਵੱਸੇ ਪਿੰਡਾਂ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ।
ਇਸ ਦੇ ਨਾਲ ਹੀ ਮੱਧ ਪ੍ਰਦੇਸ਼ ਵਿੱਚ ਵੀ ਭਾਰੀ ਬਾਰਸ਼ ਜਾਰੀ ਹੈ। ਹੁਣ ਤੱਕ ਰਾਜ ਵਿੱਚ ਆਮ ਨਾਲੋਂ 7% ਵੱਧ ਬਾਰਿਸ਼ ਹੋ ਚੁੱਕੀ ਹੈ। ਨਰਮਦਾ ਨਦੀ ਨੱਕੋ-ਨੱਕ ਵਹਿ ਰਹੀ ਹੈ। ਕੋਲਾਰ, ਬਰਗੀ, ਸਤਪੁੜਾ ਸਮੇਤ ਕਈ ਡੈਮਾਂ ਦੇ ਗੇਟ ਖੋਲ੍ਹ ਕੇ ਪਾਣੀ ਛੱਡਿਆ ਜਾ ਰਿਹਾ ਹੈ।