ਬਿਉਰੋ ਰਿਪੋਰਟ – ਹਿਮਾਚਲ ਹੁੰਦੇ ਹੋਏ ਮਾਨਸੂਨ ਹੁਣ ਪੰਜਾਬ ਵਿੱਚ ਦਸਤਕ ਦੇ ਦਿੱਤੀ ਹੈ । ਮੌਸਮ ਵਿਭਾਗ ਦੀ ਭਵਿੱਖਬਾੜੀ ਮੁਤਾਬਿਕ 29,30 ਜੂਨ ਤੋਂ ਇਲਾਵਾ 1 ਜੁਲਾਈ ਨੂੰ ਪੰਜਾਬ ਦੇ ਜ਼ਿਆਦਤਰ ਹਿੱਸਿਆਂ ਵਿੱਚ ਮਾਨਸੂਨ ਐਕਟਿਵ ਹੋ ਜਾਵੇਗਾ ਅਤੇ ਦਰਮਿਆਨਾ ਮੀਂਹ ਪਏਗਾ । ਉਧਰ ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਵਿੱਚ ਤੂਫਾਨ ਦਾ ਵੀ ਅਲਰਟ ਜਾਰੀ ਕਰ ਦਿੱਤਾ ਹੈ । 29 ਜੂਨ ਸ਼ਨਿੱਚਰਵਾਰ ਨੂੰ ਹਾਲਾਂਕਿ ਸਵੇਰ ਦੇ ਤਾਪਮਾਨ ਵਿੱਚ ਮਾਮੂਲੀ 0.8 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਹੈ । ਮੁਹਾਲੀ ਅਤੇ ਚੰਡੀਗੜ੍ਹ ਦਾ ਸਭ ਤੋਂ ਵੱਧ 29 ਤੋਂ 30 ਡਿਗਰੀ ਦੇ ਵਿਚਾਲੇ ਤਾਪਮਾਨ ਦਰਜ ਕੀਤਾ ਗਿਆ ਹੈ । ਸ਼ਹੀਦ ਭਗਤ ਸਿੰਘ ਨਗਰ ਦਾ ਤਾਪਮਾਨ ਸਭ ਤੋਂ ਘੱਟ 23 ਡਿਗਰੀ ਦਰਜ ਕੀਤਾ ਗਿਆ ਹੈ । ਦਿਨ ਦੇ ਤਾਪਮਾਨ ਵਿੱਚ ਵੀ ਪੰਜਾਬ ਵਿੱਚ ਤਕਰੀਬਨ 4 ਡਿਗਰੀ ਦਾ ਵੱਡਾ ਵਾਧਾ ਦਰਜ ਕੀਤਾ ਗਿਆ ਹੈ । ਗੁਰਦਾਸਪੁਰ ਵਿੱਚ ਸਭ ਤੋਂ ਵੱਧ ਤਾਪਮਾਨ 40.5 ਡਿਗਰੀ ਹੋ ਗਿਆ । ਬਾਕੀ ਜ਼ਿਲ੍ਹਿਆਂ ਦਾ ਤਾਪਮਾਨ ਵੀ 37 ਡਿਗਰੀ ਨੂੰ ਪਾਰ ਕਰ ਗਿਆ ਹੈ ।
ਦੱਖਣੀ-ਪੱਛਮੀ ਮਾਨਸੂਨ ਉੱਤਰ ਭਾਰਤ ਵਿੱਚ ਕਾਫੀ ਜ਼ਿਆਦਾ ਐਕਟਿਵ ਨਜ਼ਰ ਆ ਰਿਹਾ ਹੈ । ਪੰਜਾਬ ਅਤੇ ਹਰਿਆਣਾ ਦੇ ਸਾਰੇ ਇਲਾਕਿਆਂ ਨੂੰ ਮਾਨਸੂਨ ਨੇ ਕਵਰ ਨਹੀਂ ਕੀਤਾ ਹੈ । ਇਸ ਦੇ ਬਾਵਜੂਦ ਪੰਜਾਬ,ਹਰਿਆਣਾ ਅਤੇ ਹਿਮਚਾਲ ਵਿੱਚ ਤੇਜ਼ ਮੀਂਹ ਪਿਆ ਸੀ । 48 ਘੰਟਿਆਂ ਵਿੱਚ ਤਿੰਨਾਂ ਸੂਬਿਆਂ ਵਿੱਚ ਔਸਤ ਮੀਂਹ ਦਰਜ ਕੀਤਾ ਗਿਆ ਹੈ,ਲੁਧਿਆਣਾ,ਪਟਿਆਲਾ ਅਤੇ ਮੁਹਾਲੀ ਵਿੱਚ 100 ਮਿਲੀਮੀਟਰ ਮੀਂਹ ਪਿਆ ਹੈ । ਉਧਰ ਹਰਿਆਣਾ ਦੇ ਨੂੰਹ,ਪਲਵਲ,ਫਰੀਦਾਬਾਦ,ਗੁਰੂਗਰਾਮ,ਰੇਵਾੜੀ,ਝੱਜਰ ਵਿੱਚ ਮੀਂਹ ਬਿਜਲੀ ਗਰਜਨ ਅਤੇ 40 ਕਿਲੋਮੀਟਰ ਦੀ ਰਫਤਾਰ ਨਾਲ ਤੇਜ਼ ਹਵਾਵਾਂ ਅੱਜ ਚੱਲਣ ਦੀ ਮੌਸਮ ਵਿਭਾਗ ਨੇ ਭਵਿੱਖਬਾੜੀ ਕੀਤੀ ਹੈ ।
ਉਧਰ ਹਿਮਾਚਲ ਵਿੱਚ ਅੱਜ 3 ਜ਼ਿਲ੍ਹਿਆਂ ਚੰਬਾ,ਕਾਂਗੜਾ ਅਤੇ ਕੁੱਲੂ ਵਿੱਚ ਮੀਂਹ ਪਏਗਾ ਮੌਸਮ ਵਿਭਾਗ ਮੁਤਾਬਿਕ ਕੱਲ ਚਾਰ ਜ਼ਿਲ੍ਹਿਆਂ ਮੰਡੀ,ਸ਼ਿਮਲਾ ਅਤੇ ਸਿਰਮੌਰ ਵਿੱਚ ਮੀਂਹ ਦਾ ਅਲਰਟ ਹੈ ।
ਉਧਰ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ 88 ਸਾਲ ਦਾ ਰਿਕਾਰਡ ਟੁੱਟਣ ਤੋਂ ਬਾਅਦ ਮੌਸਮ ਵਿਭਾਗ ਨੇ ਮੰਨਿਆ ਕਿ ਉਹ ਫੇਲ੍ਹ ਸਾਬਿਤ ਹੋਏ ਹਨ । ਮੌਸਮ ਵਿਭਾਗ ਨੇ ਕਿਹਾ ਕਿ ਸਾਨੂੰ 28 ਜੂਨ ਨੂੰ ਤੇਜ਼ ਮੀਂਹ ਦਾ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ ਅਸੀਂ ਸਿਰਫ ਹਲਕੇ ਮੀਂਹ ਅਤੇ ਤੇਜ਼ ਹਵਾਵਾਂ ਦੀ ਭਵਿੱਖਬਾੜੀ ਕੀਤੀ ਸੀ । ਦਿੱਲੀ ਵਿੱਚ ਜੂਨ ਮਹੀਨੇ ਦੀ ਬਾਰਿਸ਼ ਦਾ ਕੋਟਾ 1 ਹੀ ਦਿਨ ਵਿੱਚ ਪੂਰਾ ਹੋ ਗਿਆ ਹੈ । 29 ਜੂਨ ਨੂੰ ਮਾਨਸੂਨ ਨੇ ਦਿੱਲੀ ਵਿੱਚ ਪਹੁੰਚਣਾ ਸੀ ਪਰ ਇੱਕ ਦਿਨ ਪਹਿਲਾਂ ਹੀ 9 ਇੰਚ ਤੱਕ ਮੀਂਹ ਪੈ ਗਿਆ । 1936 ਦੇ ਬਾਅਦ 1 ਹੀ ਦਿਨ ਵਿੱਚ ਇਹ ਸਭ ਤੋਂ ਜ਼ਿਆਦਾ ਬਾਰਿਸ਼ ਸੀ ।
ਉਧਰ ਮਾਨਸੂਨ ਸ਼ੁੱਕਰਵਾਰ ਦਿੱਲੀ ਦੇ ਨਾਲ ਮੱਧ ਪ੍ਰਦੇਸ਼,ਛਤੀਸਗੜ੍ਹ,ਝਾਰਖੰਡ,ਬਿਹਾਰ,ਬੰਗਾਲ,ਉਤਾਰਖੰਡ,ਹਰਿਆਣਾ,ਪੱਛਮੀ ਯੂਪੀ ਅਤੇ ਰਾਜਸਥਾਨ ਦੇ ਬਚੇ ਹੋਏ ਹਿੱਸਿਆਂ ਨੂੰ ਘੇਰ ਲਿਆ ।