ਚੰਡੀਗੜ੍ਹ : ਪੰਜਾਬ ਵਿੱਚ ਹੁਣ ਹੜ੍ਹਾਂ ਦਾ ਕੋਈ ਖਤਰਾ ਨਹੀਂ। ਮੌਨਸੂਨ ਸੁਸਤ ਹੋ ਗਈ ਹੈ। ਮੌਸਮ ਵਿਭਾਗ ਅਨੁਸਾਰ ਪੰਜਾਬ ਵਿੱਚ ਇਸ ਹਫ਼ਤੇ ਮੌਨਸੂਨ ਦੇ ਸੁਸਤ ਰਹਿਣ ਦੀ ਸੰਭਾਵਨਾ ਹੈ ਤੇ ਬਾਰਸ਼ ਆਮ ਨਾਲੋਂ ਘੱਟ ਹੋਵੇਗੀ।
ਦੂਜੇ ਪਾਸੇ ਭਾਖੜਾ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਪਾਣੀ ਦਾ ਪੱਧਰ ਨਹੀਂ ਵਧਿਆ, ਜੋ ਪੰਜਾਬ ਤੇ ਹਰਿਆਣਾ ਦੋਵਾਂ ਲਈ ਰਾਹਤ ਦੀ ਖ਼ਬਰ ਹੈ। ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਅੰਕੜਿਆਂ ਅਨੁਸਾਰ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ 15 ਫੁੱਟ ਹੇਠਾਂ ਹੈ।
ਪੰਜਾਬ ਤੇ ਹਰਿਆਣਾ ਵਿੱਚ ਇਸ ਵਾਰ ਬਾਰਸ਼ ਰਿਕਾਰਡ ਤੋੜ ਰਹੀ ਹੈ। ਮੌਸਮ ਵਿਭਾਗ ਅਨੁਸਾਰ ਜੁਲਾਈ ਮਹੀਨੇ ਪੰਜਾਬ ਤੇ ਹਰਿਆਣਾ ਵਿੱਚ ਆਮ ਨਾਲੋਂ 40 ਫੀਸਦੀ ਵੱਧ ਮੀਂਹ ਪਿਆ ਹੈ। ਇਸ ਤਹਿਤ ਐਤਕੀ ਜੁਲਾਈ ਮਹੀਨੇ ਹਰਿਆਣਾ ਵਿੱਚ 59 ਫੀਸਦੀ ਤੇ ਪੰਜਾਬ ਵਿੱਚ 44 ਫੀਸਦੀ ਵੱਧ ਮੀਂਹ ਪਏ। ਦੋਵੇਂ ਰਾਜਾਂ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਵਿੱਚ ਜੁਲਾਈ ਮਹੀਨੇ ਆਮ ਨਾਲੋਂ 170 ਫੀਸਦੀ ਵਧ ਮੀਂਹ ਪਿਆ।
ਮੌਸਮ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਆਮ ਤੌਰ ’ਤੇ ਚੰਡੀਗੜ੍ਹ ਵਿੱਚ 273.2 ਐਮਐਮ ਮੀਂਹ ਪੈਂਦਾ ਹੈ ਪਰ ਐਤਕੀ ਸ਼ਹਿਰ ਵਿੱਚ 738.7 ਐਮਐਮ ਬਾਰਸ਼ ਹੋਈ ਹੈ। ਉਨ੍ਹਾਂ ਆਖਿਆ ਕਿ ਜੁਲਾਈ ਮਹੀਨੇ ਚੰਡੀਗੜ੍ਹ ਵਿੱਚ 24 ਘੰਟਿਆਂ ਦੇ ਵਕਫ਼ੇ ਦੌਰਾਨ ਹੁਣ ਤੱਕ ਦੀ ਰਿਕਾਰਡ 302.2 ਐਮਐਮ ਬਾਰਸ਼ ਹੋਈ ਹੈ। ਮੌਸਮ ਵਿਗਿਆਨੀਆਂ ਅਨੁਸਾਰ ਜੁਲਾਈ ਮਹੀਨੇ ਹਰਿਆਣਾ ਵਿੱਚ 237.1 ਐਮਐਮ ਮੀਂਹ ਪਿਆ ਜਦਕਿ ਆਮ ਤੌਰ ’ਤੇ 149.1 ਮੀਂਹ ਪੈਦਾ ਹੈ, ਜੋ ਆਮ ਨਾਲੋਂ 59 ਫੀਸਦੀ ਵੱਧ ਹੈ।