Punjab

ਮੁੜ ਬਣਾਵਾਂਗੇ ਰੰਗਲਾ ਪੰਜਾਬ : ਮੁੱਖ ਮੰਤਰੀ ਮਾਨ

‘ਦ ਖ਼ਾਲਸ ਬਿਊਰੋ : ਪੰਜਾਬ ਦੇ ਬਜਟ ਸੈਸ਼ਨ ਦੌਰਾਨ ਰਾਜਪਾਲ ਦੇ ਭਾਸ਼ਣ ‘ਤੇ ਬਹਿਸ ਦਾ ਜਵਾਬ ਦੇਣ ਦਿੰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਆਖਿਆ ਹੈ ਕਿ ਮੈਂ ਲੋਕਾਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਮੇਰੀ ਸਰਕਾਰ ਉਨ੍ਹਾਂ ਸਾਰੇ ਮੁੱਦਿਆਂ ਨੂੰ ਪੂਰਾ ਕਰੇਗੀ ਜੋ ਲੋਕਾਂ ਨੇ ਸਾਡੇ ਸਾਹਮਣੇ ਰੱਖੇ ਹਨ।

ਪੰਜਾਬ ਨੂੰ ਰੰਗਲਾ ਪੰਜਾਬ ਬਣਾਇਆ ਜਾਵੇਗਾ। ਪੰਜਾਬ ਵਿੱਚ ਚੰਗੀ ਸ਼ੁਰੂਆਤ ਹੋਈ ਹੈ, ਨਾ ਤਾਂ ਭ੍ਰਿਸ਼ਟਾਚਾਰ ਕਰਨ ਵਾਲੇ ਬਖਸ਼ੇ ਜਾਣਗੇ ਤੇ ਨਾ ਹੀ ਭ੍ਰਿਸ਼ਟਾਚਾਰ ਕਰਵਾਉਣ ਵਾਲੇ। ਅਸੀਂ ਇੱਕ ਵਿਧਾਇਕ ਇੱਕ ਪੈਨਸ਼ਨ ਦਾ ਵੱਡਾ ਕਦਮ ਚੁੱਕਿਆ ਹੈ। ਉਨ੍ਹਾਂ ਨੇ ਕਿਹਾ ਕਿ ਸਕੂਲਾਂ ਨੂੰ ਆਪਣੀ ਮਰਜ਼ੀ ਨਾਲ ਫੀਸਾਂ ਵਧਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ, ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ 5994 ਈਟੀਟੀ ਅਧਿਆਪਕ, 8393 ਪ੍ਰਾਇਮਰੀ ਅਧਿਆਪਕ ਦੀ ਭਰਤੀ ਪ੍ਰਕਿਰਿਆ ਚੱਲ ਰਹੀ ਹੈ।

ਅਧਿਆਪਕ ਸਿਰਫ ਬੱਚਿਆਂ ਨੂੰ ਪੜ੍ਹਾਉਣ ਦਾ ਕੰਮ ਕਰਨਗੇ। ਆਉਣ ਵਾਲੇ ਸਮੇਂ ਵਿੱਚ ਅਧਿਆਪਕਾਂ ਨੂੰ ਸਿਖਲਾਈ ਲਈ ਵਿਦੇਸ਼ ਭੇਜਿਆ ਜਾਵੇਗਾ। ਕਾਲਜ ਅਧਿਆਪਕਾਂ ਨੂੰ ਯੂਜੀਸੀ ਸਕੇਲ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਾਡੇ ਬੱਚੇ ਵਿਦੇਸ਼ ਜਾਣ ਲਈ ਮਜਬੂਰ ਹਨ। ਪੰਜਾਬ ਵਿੱਚ ਡਿਗਰੀ ਅਨੁਸਾਰ ਕੰਮ ਮਿਲੇਗਾ।

ਮਾਨ ਨੇ ਕਿਹਾ ਕਿ ‘ਆਪ’ ਸਰਕਾਰ ਵੱਲੋਂ ਲਏ ਗਏ ਅਹਿਮ ਫੈਸਲਿਆਂ ਵਿਚ ਇੱਕ ਇਹ ਵੀ ਫੈਸਲਾ ਸੀ ਕਿ ਸਾਬਕਾ ਵਿਧਾਇਕਾਂ ਨੂੰ ਹੁਣ ਇੱਕ ਕਾਰਜਕਾਲ ਦੀ ਹੀ ਪੈਨਸ਼ਨ ਮਿਲੇਗੀ।ਇਹ ਸਰਕਾਰ ਦਾ ਮਿਸਾਲੀ ਕਦਮ ਸੀ,ਜਿਸ ਲਈ ਬਜਟ ਸੈਸ਼ਨ ਵਿਚ ਬਿਲ ਪਾਸ ਕੀਤਾ ਜਾਵੇਗਾ। ਪੰਜਾਬ ਤੋਂ ਦਿੱਲੀ ਏਅਰਪੋਰਟ ਤੱਕ ਜਾਣ ਲਈ ਸਰਕਾਰੀ ਏਸੀ ਵਾਲਵੋ ਬੱਸਾਂ ਦੀ ਸ਼ੁਰੂਆਤ ਵੀ ਕੀਤੀ ਗਈ ਹੈ।

ਭ੍ਰਿਸ਼ਟਾਚਾਰ ਮਾਮਲਿਆਂ ਤੇ ਕਾਰਵਾਈ ਕਰਦਿਆਂ ਉਹਨਾਂ ਕਿਹਾ ਕਿ ਆਪ ਸਰਕਾਰ ਭ੍ਰਿਸ਼ਟਾਚਾਰ ਮਾਮਲਿਆਂ ਨੰ ਬਿਲਕੁਲ ਵੀ ਬਰਦਾਸ਼ਤ ਨਹੀਂ ਕਰੇਗੀ ਤੇ ਭ੍ਰਿਸ਼ਟਾਚਾਰ ‘ਤੇ ਲਗਾਮ ਕੱਸਣ ਲਈ ਹੀ ਪੰਜਾਬ ਸਰਕਾਰ ਨੇ 95012-00200 ਹੈਲਪਲਾਈਨ ਨੰਬਰ ਜਾਰੀ ਕੀਤਾ ਸੀ ,ਜਿਸ ਤੇ ਮਿਲੀਆਂ ਸ਼ਿਕਾਇਤਾਂ ਦੇ ਆਧਾਰ ਤੇ 29 ਕੇਸ ਦਰਜ ਹੋਏ ਹਨ ਤੇ 3 ਸਾਬਕਾ ਮੰਤਰੀਆਂ ਸਣੇ 47 ਦੀ ਗ੍ਰਿਫਤਾਰੀ ਹੋਈ ਹੈ।ਇਥੋਂ ਤੱਕ ਕਿ ਸਰਕਾਰ ਦੇ ਆਪਣੇ ਸਿਹਤ ਮੰਤਰੀ ਦੀ ਵੀ ਭ੍ਰਿਸ਼ਟਾਚਾਰ ਦੇ ਕੇਸ ਵਿਚ ਗ੍ਰਿਫਤਾਰੀ ਹੋਈ ਹੈ।