‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸਕਾਲਰਸ਼ਿਪ ਘੁਟਾਲੇ ਦੇ ਖਿਲਾਫ਼ ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਨਾਭਾ ਵਿੱਚ ਪ੍ਰਦਰਸ਼ਨ ਕੀਤਾ ਗਿਆ। ਅਕਾਲੀ ਆਗੂਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਰਿਹਾਇਸ਼ ਵੱਲ ਕੂਚ ਕੀਤਾ। ਅਕਾਲੀ ਦਲ ਨੇ ਸਾਧੂ ਸਿੰਘ ਧਰਮਸੋਤ ਦੇ ਅਸਤੀਫ਼ੇ ਦੀ ਮੰਗ ਕੀਤੀ ਹੈ।
ਸੁਖਬੀਰ ਬਾਦਲ ਨੇ ਧਰਮਸੋਤ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ‘ਸਰਕਾਰ ਆਉਣ ‘ਤੇ ਇੱਕ-ਇੱਕ ਪੈਸਾ ਵਸੂਲਾਂਗੇ। ’ ਅਕਾਲੀ ਦਲ ਦੇ ਸਾਰੇ ਲੀਡਰ ਪ੍ਰਦਰਸ਼ਨ ਵਿੱਚ ਮੌਜੂਦ ਸਨ ਅਤੇ ਧਰਮਸੋਤ ਦੀ ਰਿਹਾਇਸ਼ ਵੱਲ ਜਾਂਦਿਆਂ ਰਸਤੇ ਵਿੱਚ ਪੁਲਿਸ ਵੱਲੋਂ ਧਰਮਸੋਤ ਦੀ ਰਿਹਾਇਸ਼ ਤੋਂ 2-3 ਕਿਲੋਮੀਟਰ ਪਹਿਲਾਂ ਹੀ ਬੈਰੀਕੇਡਿੰਗ ਕੀਤੀ ਗਈ ਸੀ। ਪੁਲਿਸ ਵੱਲੋਂ ਰੋਕੇ ਜਾਣ ਤੋਂ ਬਾਅਦ ਸੁਖਬੀਰ ਬਾਦਲ ਆਪਣੀ ਪਾਰਟੀ ਸਮੇਤ ਉੱਥੇ ਹੀ ਧਰਨਾ ਲਾ ਕੇ ਬੈਠ ਗਏ। ਅਕਾਲੀ ਦਲ ਨੇ ਪ੍ਰਸ਼ਾਸਨ ਨੂੰ ਮੰਗ ਪੱਤਰ ਦੇ ਕੇ ਇਸ ਪ੍ਰਦਰਸ਼ਨ ਨੂੰ ਖਤਮ ਕੀਤਾ।
ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਵੀ ਅਕਾਲੀ ਦਲ ਦੇ ਧਰਨੇ ‘ਤੇ ਪਲਟਵਾਰ ਕਰਦਿਆਂ ਕਿਹਾ ਕਿ ਅਕਾਲੀ ਦਲ ਵੱਲੋਂ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਸਕੱਤਰ ਦੀ ਜਾਂਚ ਤੋਂ ਬਾਅਦ ਉਨ੍ਹਾਂ ਨੂੰ ਕਲੀਨ ਚਿੱਟ ਮਿਲ ਚੁੱਕੀ ਹੈ। ਧਰਮਸੋਤ ਨੇ ਅਕਾਲੀ ਦਲ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਅਕਾਲੀਆਂ ਨੇ ਪੰਜਾਬ ਨੂੰ ਲੁੱਟਿਆ ਹੈ।