Punjab

“ਆਪੇ ਬਣਾ ਲਵਾਂਗੇ ਸੜਕਾਂ ਪਰ ਸੱਤਾ ਤੋਂ ਵੀ ਖੋਹਣੇ ਪੈ ਜਾਣਗੇ ਹੱਥ”

ਦ ਖ਼ਾਲਸ ਬਿਊਰੋ : ਲੁਧਿਆਣਾ ਬਹਾਦਰਕੇ ਰੋਡ ਦੀ ਹਾਲਤ ਦਿਨ ਦਿਹਾੜੇ ਖਸਤਾ ਹੁੰਦੀ ਜਾ ਰਹੀ ਹੈ ਪਰ ਨਗਰ ਕੌਂਸਲ ਦੇ ਅਧਿਕਾਰੀ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਹੇ। ਸਿੱਟੇ ਵਜੋਂ ਸ਼ਹਿਰ ਵਾਸੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਕਰਕੇ ਲੁਧਿਆਣਾ ਬਹਾਦਰ ਕੇ ਰੋਡ ਦੇ ਕੱਪੜਾ ਕਾਰੋਬਾਰੀਆਂ ਨੇ ਪ੍ਰਸ਼ਾਸਨ ਦੇ ਖ਼ਿਲਾਫ਼ ਮੋਰਚਾ ਖੋਲ ਦਿੱਤਾ ਹੈ। ਲਗਾਤਾਰ ਟੁੱਟੀਆਂ ਹੋਈਆਂ ਸੜਕਾਂ ਤੋਂ ਪ੍ਰੇਸ਼ਾਨ ਕੱਪੜਾ ਕਾਰੋਬਾਰੀਆਂ ਨੇ ਖੁਦ ਸੜਕਾਂ ਦਾ ਨਿਰਮਾਣ ਕਰਨ ਦਾ ਐਲਾਨ ਕਰ ਦਿੱਤਾ ਹੈ।

ਲੁਧਿਆਣਾ ਬਹਾਦਰਕੇ ਰੋਡ ਦੀ ਹਾਲਤ ਬਹੁਤ ਖਸਤਾ ਹੈ, ਜਿਸ ਨੂੰ ਲੈ ਕੇ ਕਾਰੋਬਾਰੀਆਂ ਨੇ ਅਨੇਕਾਂ ਵਾਰ ਮੌਜੂਦਾ ਵਿਧਾਇਕਾਂ ਅਤੇ ਕੌਂਸਲਰਾਂ ਤੱਕ ਪਹੁੰਚ ਕੀਤੀ ਪਰ ਹਰ ਵਾਰ ਉਹਨਾਂ ਨੂੰ ਲਾਰੇ ਲਗਾਏ ਗਏ। ਜਿਸ ਦੇ ਚੱਲਦਿਆਂ ਉਹਨਾਂ ਨੇ ਕਾਰਪੋਰੇਸ਼ਨ ਦੇ ਮੁੱਖ ਦਫ਼ਤਰ ਦਾ ਘਿਰਾਓ ਕਰਨ ਦਾ ਵੀ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਪ੍ਰਸ਼ਾਸਨ ਨੇ ਸੁਣਵਾਈ ਨਾ ਕੀਤੀ ਤਾਂ ਉਹ ਆਪਣੀ ਸਰਕਾਰ ਖੁਦ ਬਣਾਉਣਗੇ ਅਤੇ ਪ੍ਰਸਾਸ਼ਨ ਨੂੰ ਕਿਸੇ ਤਰ੍ਹਾਂ ਦਾ ਵੀ ਟੈਕਸ ਅਦਾ ਨਹੀਂ ਕਰਨਗੇ।

ਭਾਰਤ ਵਿਚ ਵੱਡੀ ਗਿਣਤੀ ਸੜਕ ਹਾਦਸੇ ਟੁੱਟੀਆਂ ਸੜਕਾਂ ਕਾਰਨ ਹੋ ਰਹੇ ਹਨ ਪਰ ਇਸ ਪਾਸੇ ਧਿਆਨ ਦੇਣ ਲਈ ਸਰਕਾਰ ਤਿਆਰ ਨਹੀਂ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਸਾਲ 2018 ਦੌਰਾਨ ਵਾਪਰੇ ਸੜਕ ਹਾਦਸਿਆਂ ਵਿਚ 22 ਹਜ਼ਾਰ 656 ਪੈਦਲ ਰਾਹਗੀਰਾਂ ਦੀ ਮੌਤ ਹੋਈ ਹੈ, ਜਿਨ੍ਹਾਂ ਵਿੱਚ 2015 ਦੀ ਮੌਤ ਸੜਕ ’ਤੇ ਪਏ ਟੋਇਆਂ ਕਾਰਨ ਹੋਏ ਹਾਦਸਿਆਂ ਵਿੱਚ ਹੋਈ ਸੀ। ਇਹ ਜਾਣਕਾਰੀ ਸਾਲ 2019 ਵਿੱਚ ਸੰਸਦ ਵਿਚ ਇਕ ਸਵਾਲ ਦੇ ਜਵਾਬ ਵਿਚ ਟਰਾਂਸਪੋਰਟ ਅਤੇ ਹਾਈਵੇਅ ਮੰਤਰਾਲੇ ਨੇ ਦਿੱਤੀ।