India Punjab

“ਮਜੀਠੀਆ ਮਾਮਲੇ ‘ਚ ਸਾਨੂੰ ਕਾਨੂੰਨ ‘ਤੇ ਰੱਖਣਾ ਚਾਹੀਦੈ ਵਿਸ਼ਵਾਸ” – ਸਿੱਧੂ

‘ਦ ਖਾਲਸ ਬਿਉਰੋ:ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦੇ ਮੁੱਖ ਮੁੱਦਿਆਂ ਲਈ ਲੜਨ ਅਤੇ ਡੱਰਗ ਮਾਫੀਆ ਦੇ ਖਿਲਾਫ ਕਾਰਵਾਈ ਕਰਨ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ ਹੈ। ਮਜੀਠੀਆ ਦੇ ਮਾਮਲੇ ਬਾਰੇ ਬੋਲਦਿਆਂ ਸਿੱਧੂ ਨੇ ਕਿਹਾ ਕਿ ਮਜੀਠੀਆ ਮਾਮਲੇ ਵਿੱਚ ਸਾਨੂੰ ਕਾਨੂੰਨ ‘ਤੇ ਵਿਸ਼ਵਾਸ ਰੱਖਣਾ ਚਾਹੀਦਾ ਹੈ ਅਤੇ ਇਸ ਮਾਮਲੇ ਵਿੱਚ ਕੈਪਟਨ ਦੇ ਬਿਆਨ ਵਰਗੀਆਂ ਕਾਰਵਾਈਆਂ ਤੋਂ ਸਾਫ ਪਤਾ ਲੱਗਦਾ ਹੈ ਕਿ ਉਹ ਅੰਦਰੋਂ ਐਨ.ਡੀ.ਏ ਸਰਕਾਰ ਨਾਲ ਮਿਲਿਆ ਹੋਇਆ ਹੈ ਅਤੇ ਉਸ ਲਈ ਹੀ ਕੰਮ ਕਰਦਾ ਹੈ। ਸਿੱਧੂ ਨੇ ਅੰਮ੍ਰਿਤਸਰ ਹਵਾਈ ਅੱਡੇ ਤੋਂ ਦਿੱਲੀ ਲਈ ਰਵਾਨਾ ਹੋਣ ਸਮੇਂ ਮੀਡੀਆ ਨਾਲ ਗੱਲਬਾਤ ਕਰਦਿਆਂ ਕੈਪਟਨ ਨੂੰ ਗੁਟਕਾ ਸਾਹਬ ਦੀ ਝੂਠੀ ਸਹੁੰ ਖਾਣ ਵਾਲਾ ਦੱਸਿਆ। ਅਜਿਹੀਆਂ ਗੈਰ-ਕਾਨੂੰਨੀ ਕਾਰਵਾਈਆਂ ਇਹ ਵੀ ਦਰਸਾਉਂਦੀਆਂ ਹਨ ਕਿ ਕੈਪਟਨ ਨੇ ਨਜਾਇਜ਼ ਸਿਆਸੀ ਲਾਹਾ ਲੈਣ ਲਈ ਪਵਿੱਤਰ ਗੁਟਕਾ ਸਾਹਿਬ ਹੱਥਾਂ ਵਿਚ ਚੁੱਕ ਕੇ ਪੰਜਾਬ ਵਿੱਚ ਡਰੱਗ ਮਾਫੀਆ ਨਾਲ ਲੜਨ ਦੀ ਝੂਠੀ ਸਹੁੰ ਖਾਧੀ ਸੀ।

ਉਨ੍ਹਾਂ ਨੇ ਆਮ ਆਦਮੀ ਪਾਰਟੀ ਵੱਲੋਂ ਇਸ ਐਫ.ਆਈ.ਆਰ ਨੂੰ ਸਿਆਸੀ ਸਟੰਟ ਕਹਿਣ ਦੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਕਿਹਾ ਕਿ ‘ਆਪ’ ਦਾ ਬਿਆਨ ਸ਼੍ਰੋਮਣੀ ਅਕਾਲੀ ਦਲ ਅਤੇ ਬਿਕਰਮ ਮਜੀਠੀਆ ਨਾਲ ਉਨ੍ਹਾਂ ਦੀ ਮਿਲੀਭੁਗਤ ਨੂੰ ਦਰਸਾਉਂਦਾ ਹੈ, ਜਿਸ ਕਰਕੇ ਅਰਵਿੰਦ ਕੇਜਰੀਵਾਲ ਨੇ ਮਾਣਹਾਨੀ ਦੇ ਕੇਸ ਵਿੱਚ ਬਿਕਰਮ ਮਜੀਠੀਆ ਤੋਂ ਮੁਆਫ਼ੀ (ਲਿਖਤੀ) ਮੰਗੀ ਸੀ। ਉਨ੍ਹਾਂ ਕਿਹਾ ਕਿ ਇਹ ਜਾਂਚ ਦਾ ਵਿਸ਼ਾ ਹੈ ਕਿ ‘ਆਪ’ ਅਤੇ ਅਕਾਲੀਆਂ ਦੇ ਸਮਝੌਤੇ ਕਾਰਨ ਪੰਜਾਬ ਰੋਡਵੇਜ਼ ਦੀਆਂ ਬੱਸਾਂ ਨੂੰ ਪੰਜਾਬ ਅਤੇ ਦਿੱਲੀ ਹਵਾਈ ਅੱਡੇ ਦੇ ਮੁਨਾਫ਼ੇ ਵਾਲੇ ਰੂਟ ’ਤੇ ਚੱਲਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ। ਇਸੇ ਕਾਰਨ ‘ਆਪ’ ਵੱਲੋਂ ਦਿੱਲੀ ਦੇ ਸਾਬਕਾ ਅਕਾਲੀ ਵਿਧਾਇਕ ਨੂੰ ਦਿੱਲੀ ਵਿੱਚ ਸ਼ਰਾਬ ਦੇ ਠੇਕੇ ਅਲਾਟ ਕੀਤੇ ਗਏ।

ਸਿੱਧੂ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਮ ਆਦਮੀ ਪਾਰਟੀ, ਕੈਪਟਨ, ਐਨ.ਡੀ.ਏ ਸਰਕਾਰ ਆਦਿ ਵੱਲੋਂ ਬਿਕਰਮ ਮਜੀਠੀਆ ਨੂੰ ਸਿੱਧੇ ਤੌਰ ’ਤੇ ਲਾਭ ਪਹੁੰਚਾਉਣ ਅਤੇ ਪੰਜਾਬ ਅਤੇ ਇਸਦੇ ਦਿਨੋਂ-ਦਿਨ ਖਤਮ ਹੁੰਦੇ ਜਾ ਰਹੇ ਸੋਮਿਆਂ ਦਾ ਸ਼ੋਸ਼ਣ ਕਰਨ ਅਤੇ ਸੂਬੇ ਨੂੰ ਲੁੱਟਣ ਦੇ ਮਨਸੂਬਿਆਂ ਤਹਿਤ ਪੈਦਾ ਕੀਤੇ ਗਏ ਭੰਬਲਭੂਸੇ ਨੂੰ ਸਮਝਣ। ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਸੂਝ-ਬੂਝ ਨਾਲ ਫ਼ੈਸਲਾ ਲੈਣ ਅਤੇ ਪੰਜਾਬ ਵਿੱਚ ਜਿਹੜੀ ਤਬਦੀਲੀ ਉਹ ਚਾਹੁੰਦੇ ਹਨ, ਉਸ ਤਬਦੀਲੀ ਦੇ ਝੰਡਾਬਰਦਾਰ ਬਨਣ ਲਈ ਕਿਹਾ।