Punjab

“ਸਾਡੀਆਂ ਕਰੀਆਂ ਹਮਾਇਤਾਂ ਦੇ ਸਾਨੂੰ ਹਰਜਾਨੇ ਭਰਨੇ ਪਏ, ਕਈ ਆਮੋ ਖਾਸ ਹੋਏ, ਕਈ ਖਾਸੋ ਆਮ ਕਰਨੇ ਪਏ”

ਦ ਖ਼ਾਲਸ ਬਿਊਰੋ : ਸਿੱਧੂ ਮੂਸੇਵਾਲਾ ਦੇ ਅੰਤਿਮ ਅਰਦਾਸ ਸਮਾਗਮ ਮੌਕੇ ਸਰਦਾਰੀਆ ਟ੍ਰਸਟ ਪੰਜਾਬ ਵੱਲੋਂ ਮੂਸੇਵਾਲਾ ਦੀ ਯਾਦ ਵਿੱਚ ਮਾਨਸਾ ਜ਼ਿਲ੍ਹੇ ਦੀ ਬਾਹਰਲੀ ਅਨਾਜ ਮੰਡੀ ਸਿਰਸਾ ਰੋਡ ਦੇ ਬਾਹਰ ਦਸਤਾਰ ਕੈਂਪ ਲਗਾਇਆ ਗਿਆ ਹੈ। ਟ੍ਰਸਟ ਵੱਲੋਂ ਮੂਸੇਵਾਲਾ ਦੀ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਣ ਪਹੁੰਚੇ ਲੋਕਾਂ ਨੂੰ ਅਪੀਲ ਕੀਤੀ ਗਈ ਸੀ ਕਿ ਸਾਰੇ ਨੌਜਵਾਨ ਪੱਗਾਂ ਬੰਨ੍ਹ ਕੇ ਮੂਸੇਵਾਲਾ ਦੇ ਘਰ ਜਾਣ। ਜੋ ਘਰੋਂ ਪੱਗਾਂ ਬੰਨ੍ਹ ਕੇ ਨਹੀਂ ਆਏ ਜਾਂ ਫਿਰ ਜਿਨ੍ਹਾਂ ਨੂੰ ਦਸਤਾਰ ਸਜਾਉਣ ਦੀ ਜਾਚ ਨਹੀਂ ਹੈ, ਉਨ੍ਹਾਂ ਦੇ ਇਸ ਟ੍ਰਸਟ ਵੱਲੋਂ ਪੱਗ ਬੰਨ੍ਹੀ ਜਾ ਰਹੀ ਹੈ।

ਨੌਜਵਾਨਾਂ ਨੇ ਸਿੱਧੂ ਮੂਸੇਵਾਲਾ ਦੀ ਲਿਖਤਾਂ ਵਾਲੇ ਪੋਸਟਰ ਵੀ ਆਪਣੇ ਹੱਥ ਫੜੇ ਹੋਏ ਸਨ। ਇਨ੍ਹਾਂ ਪੋਸਟਰਾਂ ਉੱਤੇ ਲਿਖਿਆ ਹੋਇਆ ਹੈ ਕਿ “ਸਾਡੀਆਂ ਕਰੀਆਂ ਹਮਾਇਤਾਂ ਦੇ ਸਾਨੂੰ ਹਰਜਾਨੇ ਭਰਨੇ ਪਏ, ਕਈ ਆਮੋ ਖਾਸ ਹੋਏ, ਕਈ ਖਾਸੋ ਆਮ ਕਰਨੇ ਪਏ”। ਇੱਕ ਹੋਰ ਪੋਸਟਰ ਲੋਕਾਂ ਦਾ ਧਿਆਨ ਖਿੱਚ ਰਿਹਾ ਹੈ ਜਿਸ ਉੱਤੇ ਲਿਖਿਆ ਹੋਇਆ ਹੈ ‘ਜਿਨ੍ਹਾਂ ਨੂੰ ਅਸੀਂ ਬੁਰੇ ਲੱਗਦੇ ਹਾਂ, ਉਹ ਸਾਡੀ ਰੇਂਜ ਤੋਂ ਬਾਹਰ ਰਹਿਣ।’

ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦੇਣ ਲਈ ਉਸਦੀ ਯਾਦ ਵਿੱਚ ਨੌਜਵਾਨਾਂ ਵੱਲੋਂ ਬੂਟੇ ਵੰਡੇ ਗਏ ਅਤੇ ਖੂਨਦਾਨ ਕੈਂਪ ਵੀ ਲਗਾਇਆ ਗਿਆ ਹੈ।