‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨੀ ਅੰਦੋਲਨ ਦੌਰਾਨ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਕਿਸਾਨਾਂ ਨੂੰ ਰਿਹਾਅ ਕਰਵਾਉਣ ਸਬੰਧੀ ਕਿਸਾਨ ਲੀਡਰ ਬਲਬੀਰ ਸਿੰਘ ਰਾਜੇਵਾਲ ਅਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਵਕੀਲਾਂ ਦੀ ਟੀਮ ਵਿਚਾਲੇ ਤਣਾਅ ਵਾਲਾ ਮਾਹੌਲ ਬਣਿਆ ਹੋਇਆ ਹੈ। ਕਿਸਾਨ ਲੀਡਰ ਬਲਬੀਰ ਸਿੰਘ ਰਾਜੇਵਾਲ ਨੇ ਰਿਹਾਅ ਹੋਏ ਕਿਸਾਨਾਂ ਬਾਰੇ ਕਿਹਾ ਕਿ ਸਾਡੀ ਵਕੀਲਾਂ ਦੀ ਟੀਮ ਰਾਤ ਨੂੰ 11 ਜਾਂ 12 ਵਜੇ ਗ੍ਰਿਫਤਾਰ ਕੀਤੇ ਗਏ ਕਿਸਾਨਾਂ ਨੂੰ ਜੇਲ੍ਹਾਂ ਤੋਂ ਰਿਹਾਅ ਕਰਵਾ ਕੇ ਉਨ੍ਹਾਂ ਲਈ ਗੁਰਦੁਆਰਿਆਂ ਵਿੱਚ ਰਹਿਣ ਦਾ ਪ੍ਰਬੰਧ ਕਰਕੇ ਆ ਜਾਂਦੀ ਹੈ। ਕਿਸਾਨਾਂ ਦੀਆਂ ਸਾਰੀਆਂ ਜ਼ਮਾਨਤਾਂ ਸਾਡੇ ਵਕੀਲਾਂ ਨੇ ਕਰਵਾਈਆਂ ਹਨ ਪਰ ਇਸਦਾ ਸਿਹਰਾ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਲੈ ਗਏ ਹਨ। ਅਸੀਂ ਕਿਸਾਨਾਂ ਨੂੰ ਜੇਲ੍ਹ ਦੇ ਅੰਦਰ ਖਰਚ ਲਈ ਤਿੰਨ-ਤਿੰਨ ਹਜ਼ਾਰ ਰੁਪਏ ਵੀ ਦੇ ਕੇ ਆਉਂਦੇ ਰਹੇ ਹਾਂ।
ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਵਕੀਲਾਂ ਦੀ 150 ਮੈਂਬਰੀ ਟੀਮ ਨੇ ਕਿਸਾਨ ਲੀਡਰ ਬਲਬੀਰ ਸਿੰਘ ਰਾਜੇਵਾਲ ਦੇ ਇਸ ਬਿਆਨ ਨੂੰ ਮੰਦਭਾਗਾ ਦੱਸਦਿਆਂ ਕਿਹਾ ਕਿ ਰਾਜੇਵਾਲ ਗਲਤ ਫਹਿਮੀ ਦਾ ਸ਼ਿਕਾਰ ਹਨ। ਕਿਸਾਨ ਮੋਰਚੇ ਨੇ ਖੁਦ ਸਮੇਂ-ਸਮੇਂ ’ਤੇ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਧੰਨਵਾਦ ਕੀਤਾ ਹੈ। ਕਿਸਾਨਾਂ ਦੀ ਰਿਹਾਈ ਵਿੱਚ ਦਿੱਲੀ ਕਮੇਟੀ ਦੀ ਭੂਮਿਕਾ ਬਾਰੇ ਸੰਯੁਕਤ ਕਿਸਾਨ ਮੋਰਚਾ ਸਮੇਂ-ਸਮੇਂ ‘ਤੇ ਆਪਣੇ ਫੇਸਬੁੱਕ ਪੇਜ਼ ’ਤੇ ਜਾਣਕਾਰੀ ਸਾਂਝੀ ਕਰਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਬਾਰੇ ਅਦਾਲਤੀ ਹੁਕਮਾਂ ਵਿੱਚ ਬਕਾਇਦਾ ਕਮੇਟੀ ਦੇ ਵਕੀਲਾਂ ਦੇ ਨਾਂ ਵੀ ਦਰਜ ਹਨ।
ਐਡਵੋਕੇਟ ਵਰਿੰਦਰ ਸਿੰਘ ਸੰਧੂ ਅਤੇ ਰਵਿੰਦਰ ਕੌਰ ਬੱਤਰਾ ਦੀ ਅਗਵਾਈ ਵਿੱਚ ਵਕੀਲਾਂ ਦੀ ਟੀਮ ਨੇ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਕਾਨਫਰੰਸ ਹਾਲ ਵਿੱਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਟੀਮ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੇ ਕਹਿਣ ’ਤੇ ਗਠਿਤ ਕੀਤੀ ਗਈ ਸੀ, ਜਿਸ ਵਿੱਚ ਐਡਵੋਕੇਟ ਰਵਿੰਦਰ ਕੌਰ ਬੱਤਰਾ ਅਤੇ ਹੋਰਨਾਂ ਨੂੰ ਮੁਖੀ ਵਜੋਂ ਜ਼ਿੰਮੇਵਾਰੀ ਸੌਂਪੀ ਗਈ ਸੀ।
ਉਹਨਾਂ ਕਿਹਾ ਕਿ ਇਸ ਟੀਮ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਲੀਗਲ ਸੈੱਲ ਦੇ ਮੁਖੀ ਐਡਵੋਕੇਟ ਭੰਗੂ ਨਾਲ ਸਮੇਂ-ਸਮੇਂ ਮੁਲਾਕਾਤਾਂ ਵੀ ਕੀਤੀਆਂ ਜਾਂਦੀਆਂ ਰਹੀਆਂ ਹਨ, ਕੇਸਾਂ ਦੇ ਵੇਰਵੇ ਵੀ ਸਾਂਝੇ ਕੀਤੇ ਜਾਂਦੇ ਰਹੇ ਹਨ। ਉਹਨਾਂ ਕਿਹਾ ਕਿ 150 ਮੈਂਬਰੀ ਇਸ ਵਕੀਲਾਂ ਦੀ ਟੀਮ ਵੱਲੋਂ ਸਾਰੇ ਕੇਸ ਮੁਫਤ ਲੜੇ ਗਏ ਹਨ ਅਤੇ ਕੋਈ ਫੀਸ ਨਹੀਂ ਲਈ ਗਈ। ਉਹਨਾਂ ਦੱਸਿਆ ਕਿ ਕਿਸਾਨ ਮੋਰਚੇ ਵੱਲੋਂ ਉਹਨਾਂ ਨੁੰ ਸਨਮਾਨਿਤ ਕਰਨ ਲਈ ਸੱਦਾ ਦਿੱਤਾ ਗਿਆ ਸੀ ਪਰ ਸਾਰੇ ਨੌਜਵਾਨ ਵਕੀਲਾਂ ਨੇ ਕਿਹਾ ਸੀ ਕਿ ਜਦੋਂ ਤੱਕ ਸਾਰੇ ਕਿਸਾਨ ਰਿਹਾਅ ਨਹੀਂ ਹੋ ਜਾਂਦੇ, ਉਦੋਂ ਤੱਕ ਉਹ ਸਨਮਾਨ ਨਹੀਂ ਕਰਵਾਉਣਗੇ। ਵਕੀਲਾਂ ਨੇ ਕਿਹਾ ਕਿ ਉਹਨਾਂ ਵੱਲੋਂ ਕੇਸ ਲੜਨ ਦਾ ਮਕਸਦ ਸਿਰਫ ਸੰਯੁਕਤ ਕਿਸਾਨ ਮੋਰਚੇ ਨੂੰ ਮਜ਼ਬੂਤ ਕਰਨਾ ਸੀ। ਵਕੀਲਾਂ ਨੇ ਰਾਜੇਵਾਲ ਨੂੰ ਤੱਥ ਚੈੱਕ ਕਰਨ ਮਗਰੋਂ ਬਿਆਨ ਵਾਪਿਸ ਲੈਣ ਦੀ ਅਪੀਲ ਕੀਤੀ ਹੈ।