‘ਦ ਖ਼ਾਲਸ ਬਿਊਰੋ : ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਕੋਲ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦਾ ਵਾਧੂ ਚਾਰਜ ਸੀ। ਹੁਣ ਉਨ੍ਹਾਂ ਨੇ ਖੁਦ ਸੇਵਾਵਾਂ ਛੱਡੀਆਂ ਹਨ ਜਾਂ ਫਿਰ ਸ਼੍ਰੋਮਣੀ ਕਮੇਟੀ ਨੇ ਉਨ੍ਹਾਂ ਦੀਆਂ ਐਡੀਸ਼ਨਲ ਸੇਵਾਵਾਂ ਖਤਮ ਕਰਕੇ ਗਿਆਨੀ ਰਘਬੀਰ ਸਿੰਘ ਨੂੰ ਸੇਵਾ ਦਿੱਤੀ ਹੈ, ਇਹ ਤਾਂ ਉਹੀ ਦੱਸ ਸਕਦੇ ਹਨ। ਅਸੀਂ ਤਾਂ ਇਹੀ ਤਵੱਕੋਂ ਕਰਦੇ ਹਾਂ ਕਿ ਨਿਯੁਕਤ ਕੀਤੇ ਗਏ ਨਵੇਂ ਜਥੇਦਾਰ ਕੌਮ ਦੀ ਸਹੀ ਅਗਵਾਈ ਕਰਨ।
ਸਾਬਕਾ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਸਾਨੂੰ ਰਾਜਨੀਤਿਕ ਕੰਮਾਂ ਤੋਂ ਬਾਹਰ ਰਹਿ ਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਰਿਆਦਾ ਬਹਾਲ ਰੱਖਣੀ ਚਾਹੀਦੀ ਹੈ। ਗਿਆਨੀ ਹਰਪ੍ਰੀਤ ਸਿੰਘ ਬੜੇ ਪੜੇ ਲਿਖੇ, ਸੂਝਵਾਨ ਸਨ, ਉਨ੍ਹਾਂ ਨੇ ਬਹੁਤ ਵਧੀਆ ਸੇਵਾਵਾਂ ਨਿਭਾਈਆਂ ਹਨ। ਪਰ ਜਿਸ ਹਿਸਾਬ ਨਾਲ ਰਾਘਵ ਚੱਢਾ ਦੀ ਮੰਗਣੀ ਵਿੱਚ ਸਾਰੇ ਮਹਿਮਾਨ ਕਾਰਾਂ ਵਿੱਚ ਘਰ ਦੇ ਅੰਦਰ ਗਏ ਸਨ ਪਰ ਜਥੇਦਾਰ ਪੈਦਲ ਗਏ ਸਨ, ਉੱਥੇ ਮੇਰੇ ਮਨ ਨੂੰ ਜ਼ਰੂਰ ਠੇਸ ਪਹੁੰਚੀ ਹੈ ਪਰ ਮੈਂ ਅੱਜ ਉਨ੍ਹਾਂ ਦੀ ਤਬਦੀਲੀ ਨੂੰ ਇਸ ਮਸਲੇ ਨਾਲ ਨਹੀਂ ਜੋੜਦਾ।
HSGPC ਦੇ ਪ੍ਰਧਾਨ ਮਹੰਤ ਕਰਮਜੀਤ ਸਿੰਘ ਨੇ ਕਿਹਾ ਕਿ ਗਿਆਨੀ ਰਘਬੀਰ ਸਿੰਘ ਬਹੁਤ ਪਿਆਰੀ ਸ਼ਖਸੀਅਤ ਹਨ। ਪਰਮਾਤਮਾ ਦੀ ਉਨ੍ਹਾਂ ਉੱਤੇ ਕਿਰਪਾ ਹੈ ਅਤੇ ਮੈਂ ਉਨ੍ਹਾਂ ਨੂੰ ਵਧਾਈ ਦਿੰਦਾ ਹਾਂ। ਮੈਂ ਉਨ੍ਹਾਂ ਤੋਂ ਉਮੀਦ ਕਰਦਾ ਹਾਂ ਕਿ ਉਹ ਪੰਥਕ ਮੁੱਦਿਆਂ ਨੂੰ ਸਹੀ ਤਰ੍ਹਾਂ ਵਿਚਾਰ ਕੇ ਅਗਵਾਈ ਕਰਨਗੇ। ਸਮੇਂ ਦੀ ਲੋੜ ਸੀ ਕਿ ਨਵੇਂ ਚਿਹਰੇ ਨੂੰ ਇਹ ਜ਼ਿੰਮੇਵਾਰੀ ਦਿੱਤੀ ਜਾਵੇ ਕਿਉਂਕਿ ਜਥੇਦਾਰ ਹਰਪ੍ਰੀਤ ਸਿੰਘ ਬੜੇ ਲੰਮੇ ਸਮੇਂ ਤੋਂ ਸੇਵਾਵਾਂ ਨਿਭਾ ਰਹੇ ਸਨ, ਉਨ੍ਹਾਂ ਉੱਤੇ ਬਹੁਤ ਜ਼ਿੰਮੇਵਾਰੀਆਂ ਸਨ।