ਦਿੱਲੀ : ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾ ( Delhi Chief Minister Arvind Kejriwal ) ਨੇ ਜਲੰਧਰ ਵਾਸੀਆਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਮੁਬਾਰਕ ਦਿੱਤੀ। ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਪਿਛਲੇ 50 ਸਾਲਾਂ ਤੋਂ ਕਾਂਗਰਸ ਜਲੰਧਰ ਵਿੱਚ ਲਗਾਤਾਰ ਜਿੱਤ ਰਹੀ ਸੀ ਅਤੇ ਇਸਨੂੰ ਕਾਂਗਰਸ ਦਾ ਗੜ੍ਹ ਕਿਹਾ ਜਾਂਦਾ ਸੀ। ਕੇਜਰੀਵਾਲ ਨੇ ਕਿਹਾ ਕਿ ਅੱਜ ਉਸੀ ਗੜ੍ਹ ਦੇ ਅੰਦਰ ਸੰਨ੍ਹ ਲਾ ਕੇ ਆਮ ਆਦਮੀ ਪਾਰਟੀ ਨੇ ਜਿੱਤ ਪ੍ਰਾਪਤ ਕੀਤੀ ਹੈ।
ਕੇਜਰੀਵਾਲ ਨੇ ਮਾਨ ਸਰਕਾਰ ਦੀਆਂ ਸਿਫ਼ਤਾਂ ਕਰਦਿਆਂ ਕਿਹਾ ਕਿ ਪਿਛਲੇ ਇੱਕ ਸਾਲ ਤੋਂ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਨੇ ਪੰਜਾਬ ਵਿੱਚ ਲੋਕਾਂ ਲਈ ਉਹ ਹਰ ਕੰਮ ਕੀਤਾ ਹੈ ਜਿਸ ਦਾ ਉਨਾਂ ਨੇ ਵਾਅਦਾ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੁਆਰਾ ਜੋ ਗਲਤ ਕੰਮ ਸ਼ੁਰੂ ਕੀਤੇ ਗਏ ਸਨ ਉਨ੍ਹਾਂ ਨੂੰ ਪੰਜਾਬ ਸਰਕਾਰ ਨੇ ਬੜੀ ਸਹਿਜਤਾ ਨਾਲ ਠੀਕ ਕੀਤਾ ਹੈ।
ਜਲੰਧਰ ਜ਼ਿਮਨੀ ਚੋਣ 'ਚ ਸ਼ਾਨਦਾਰ ਜਿੱਤ ਤੋਂ ਬਾਅਦ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਨਾਲ LIVE https://t.co/1lb7r0u0dF
— Bhagwant Mann (@BhagwantMann) May 13, 2023
ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਨਾਂ ਤਾਂ ਜਾਤ-ਪਾਤ ਦੀ ਰਾਜਨੀਤੀ ਕਰਦੀ ਹੈ , ਨਾਂ ਤਾਂ ਧਰਮ ਦੀ ਰਾਜਨੀਤੀ ਕਰਦੀ ਹੈ , ਆਮ ਆਦਮੀ ਪਾਰਟੀ ਦੀ ਸਰਕਾਰ ਸਿਰਫ਼ ਕੰਮ ਦੀ ਰਾਜਨੀਤੀ ਕਰਦਾ ਹੈ। ਉਨਾਂ ਨੇ ਕਿਹਾ ਕਿ ਜਲੰਧਰ ਦੀ ਜਿੱਤ ਤੋਂ ਇਹ ਸਾਬਤ ਹੁੰਦੈ ਹੈ ਕਿ ਪੰਜਾਬ ਦੇ ਲੋਕਾਂ ਦੀ ਦਿਲਾਂ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਪ੍ਰਤੀ ਕਿੰਨੀ ਹਮਦਰਦ ਅਤੇ ਭਰੋਸਾ ਹੈ। ਕੇਜਰੀਵਾਲ ਨੇ ਕਿਹਾ ਕਿ ਜਲੰਧਰ ਦੇ ਲੋਕਾਂ ਨੇ ਮਾਨ ਸਰਕਾਰ ਦੇ ਪਿਛਲੇ ਇੱਕ ਸਾਲ ਤੋਂ ਕੀਤੇ ਗਏ ਕੰਮਾਂ ‘ਤੇ ਮੋਹਰ ਲਗਾਈ ਹੈ।
ਸੀਐੱਮ ਭਗਵੰਤ ਮਾਨ
ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ( CM Bhagwant Mann ) ਨੇ ਜਲੰਧਰ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੋਕਾਂ ਵੱਲੋਂ 14 ਮਹੀਨਿਆਂ ਦੀ ਸਰਕਾਰ ਦੇ ਕੰਮਾਂ ਉੱਤੇ ਮੋਹਰ ਲਗਾਉਣਾ ਬਹੁਤ ਵੱਡੀ ਗੱਲ ਹੈ। ਅਸੀਂ ਸਕੂਲਾਂ, ਬਿਜਲੀ, ਸਿਹਤ ਸਹੂਲਤਾਂ ਦੇ ਨਾਮ ਉੱਤੇ ਵੋਟ ਮੰਗੀ ਸੀ। ਲੋਕ Positive ਰਾਜਨੀਤੀ ਨੂੰ ਪਸੰਦ ਕਰਨ ਲੱਗੇ ਹਨ। ਮਾਨ ਨੇ ਕਿਹਾ ਕਿ ਸਾਡੇ 92 ਵਿਧਾਇਕ ਪੰਜਾਬ ਦੀ ਵਿਧਾਨ ਸਭਾ ਵਿੱਚ, 63 ਵਿਧਾਇਕ ਦਿੱਲੀ ਦੀ ਵਿਧਾਨ ਸਭਾ ਵਿੱਚ, 5 ਵਿਧਾਇਕ ਗੁਜਰਾਤ ਦੀ ਵਿਧਾਨ ਸਭਾ ਵਿੱਚ, ਦੋ ਵਿਧਾਇਕ ਗੋਆ ਦੀ ਵਿਧਾਨ ਸਭਾ ਵਿੱਚ ਹਨ, ਸਾਡੇ 10 ਐੱਮਪੀ ਰਾਜ ਸਭਾ ਵਿੱਚ ਅਤੇ ਅੱਜ ਤੋਂ ਬਾਅਦ ਸਾਡਾ ਇੱਕ ਐੱਮਪੀ ਲੋਕ ਸਭਾ ਵਿੱਚ ਚਲਾ ਗਿਆ ਹੈ। ਬਾਕੀ ਸਾਰੀਆਂ ਪਾਰਟੀਆਂ ਅੰਦਰੋਂ ਇਕੱਠੀਆਂ ਹੀ ਸੀ, ਇਨ੍ਹਾਂ ਨੇ ਚੋਣ ਇਕੱਠੇ ਮਿਲ ਕੇ ਹੀ ਲੜੀ, ਬਸ ਇਨ੍ਹਾਂ ਦੀਆਂ ਪ੍ਰੈਸ ਕਾਨਫਰੰਸਾਂ ਹੀ ਅਲੱਗ ਅਲੱਗ ਹੁੰਦੀਆਂ ਸਨ।
ਜਿਨ੍ਹਾਂ ਨੇ ਸਾਡਾ ਮਾਣ ਸਨਮਾਨ ਕੀਤਾ ਮੈਂ ਉਨ੍ਹਾਂ ਨੂੰ ਤਾਂ ਵਧਾਈ ਦੇਵਾਂਗਾ ਹੀ, ਪਰ ਜਿਨ੍ਹਾਂ ਨੇ ਸਾਡੀ ਆਲੋਚਨਾ ਕੀਤੀ, ਸਾਡੀ ਨਿੱਜੀ ਜ਼ਿੰਦਗੀ ਬਾਰੇ ਟਿੱਪਣੀਆਂ ਕੀਤੀਆਂ, ਮੈਂ ਉਨ੍ਹਾਂ ਦਾ ਵੀ ਭਲਾ ਮੰਗਦਾ ਹਾਂ। ਸਾਡੇ ਐੱਮਪੀ ਨੂੰ ਅਗਲੀਆਂ ਚੋਣਾਂ ਤੱਕ 10-11 ਮਹੀਨੇ ਹੀ ਮਿਲੇ ਹਨ ਪਰ ਅਸੀਂ ਏਨੇ ਸਮੇਂ ਵਿੱਚ ਵੀ ਬਹੁਤ ਵਧੀਆ ਕੰਮ ਕਰਕੇ ਦਿਖਾਵਾਂਗੇ। ਮਾਨ ਨੇ ਕਿਹਾ ਕਿ ਅਸੀਂ ਸਰਵੇ ਵਿੱਚ ਨਹੀਂ ਆਉਂਦੇ, ਅਸੀਂ ਸਿੱਧਾ ਸਰਕਾਰ ਵਿੱਚ ਹੀ ਆਉਂਦੇ ਹਾਂ।