India

ਮੀਡੀਆ ਨੂੰ ਕੋਰਟ ਦੀ ਸੁਣਵਾਈ ਰਿਪੋਰਟ ਕਰਨ ਤੋਂ ਨਹੀਂ ਰੋਕ ਸਕਦੇ : ਸੁਪਰੀਮ ਕੋਰਟ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਸੁਪਰੀਮ ਕੋਰਟ ਨੇ ਕਿਹਾ ਹੈ ਕਿ ਮੀਡੀਆ ਨੂੰ ਕੋਰਟ ਵਿੱਚ ਚੱਲ ਰਹੀ ਸੁਣਵਾਈ ਦੀ ਰਿਪੋਰਟਿੰਗ ਕਰਨ ਤੋਂ ਨਹੀਂ ਰੋਕਿਆ ਜਾ ਸਕਦਾ। ਕੋਰਟ ਵਿੱਚ ਜੋ ਕੁੱਝ ਵੀ ਹੁੰਦਾ ਹੈ, ਉਨ੍ਹਾਂ ਨੂੰ ਪੂਰੀ ਰਿਪੋਰਟਿੰਗ ਜਰੂਰ ਕਰਨੀ ਚਾਹੀਦੀ ਹੈ।

ਸੁਪਰੀਮ ਕੋਰਟ ਨੇ ਇਹ ਗੱਲ ਅੱਜ ਚੋਣ ਕਮਿਸ਼ਨ ਦੀ ਇੱਕ ਸ਼ਿਕਾਇਤ ‘ਤੇ ਕੀਤੀ ਜਾ ਰਹੀ ਸੁਣਵਾਈ ਦੌਰਾਨ ਕਹੀ। ਦੱਸ ਦਈਏ ਕਿ ਚੋਣ ਕਮਿਸ਼ਨ ਨੇ ਸੁਪਰੀਮ ਵਿੱਚ ਪਟੀਸ਼ਨ ਲਾਈ ਗਈ ਸੀ ਕਿ ਮਦਰਾਸ ਹਾਈਕੋਰਟ ਨੇ ਬਿਨਾਂ ਕਿਸੇ ਸਬੂਤ ਦੇ ਉਸਦੀ ਅਲੋਚਨਾ ਕੀਤੀ ਅਤੇ ਮੀਡੀਆ ਨੂੰ ਓਰਲ ਅਬਜਰਵੇਸ਼ਨ (ਮੌਖਿਕ ਟਿੱਪਣੀ) ਦੀ ਰਿਪੋਰਟਿੰਗ ਤੋਂ ਰੋਕਿਆ ਜਾਣਾ ਚਾਹੀਦਾ ਹੈ।

ਇਸ ਮੰਗ ਨੂੰ ਖਾਰਿਜ ਕਰਦਿਆਂ ਜਸਟਿਸ ਡੀ ਵਾਈ ਚੰਦਰਚੂਹੜ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਚੋਣ ਕਮਿਸ਼ਨ ਨੂੰ ਕਿਹਾ ਕਿ ਮੀਡੀਆ ਨੂੰ ਸਾਡੇ ਫੈਸਲੇ, ਸਾਡੇ ਸਵਾਲ ਜਵਾਬ ਅਤੇ ਗੱਲਬਾਤ ਸਭ ਕੁੱਝ ਰਿਪੋਰਟ ਕਰਨਾ ਚਾਹੀਦਾ ਹੈ ਕਿਉਂਕਿ ਇਹ ਜਨਤਕ ਹਿਤ ਹੁੰਦੇ ਹਨ। ਮੀਡੀਆ ਸਾਡੀਆਂ ਟਿੱਪਣੀਆਂ ਨੂੰ ਰਿਪੋਰਟ ਨਾ ਕਰੇ, ਇਹ ਨਹੀਂ ਹੋ ਸਕਦਾ।

ਬੀਤੇ ਹਫਤੇ ਚੋਣ ਕਮਿਸ਼ਨ ਨੇ ਮਦਰਾਸ ਹਾਈ ਕੋਰਟ ਦੀ ਇੱਕ ਟਿੱਪਣੀ ਦੇ ਖਿਲਾਫ ਸੁਪਰੀਮ ਕੋਰਟ ਦਾ ਦਰਵਾਜਾ ਖੜਕਾਇਆ ਸੀ।