India Khetibadi Punjab

ਅਸੀਂ ਈਡੀ ਜਾਂ ਸੀਬੀਆਈ ਤੋਂ ਡਰਨ ਵਾਲੇ ਨਹੀਂ ਹਾਂ : ਸਰਵਣ ਸਿੰਘ ਪੰਧੇਰ

We are not afraid of ED or CBI: Sarwan Singh Pandher

ਸ਼ੰਭੂ : ਅੱਜ 25 ਮਾਰਚ ਨੂੰ ਕਿਸਾਨ ਅੰਦੋਲਨ-2 ਦਾ 41ਵਾਂ ਦਿਨ ਹੈ। ਕਿਸਾਨ ਘੱਟੋ-ਘੱਟ ਸਮਰਥਨ ਮੁੱਲ ਦੀ ਗਰੰਟੀ ਲਈ ਕਾਨੂੰਨ ਬਣਾਉਣ ਸਮੇਤ ਹੋਰ ਕਈ ਮੰਗਾਂ ‘ਤੇ ਅੜੇ ਹੋਏ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਹ ਸ਼ੰਭੂ ਅਤੇ ਖਨੌਰੀ ਬਾਰਡਰ ਧਰਨੇ ‘ਤੇ ਡਟੇ ਰਹਿਣਗੇ।

ਇਸੇ ਦੌਰਾਨ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਹਰਿਆਣਾ ਦੇ ਬਾਰਡਰਾਂ ‘ਤੇ ਕਿਸਾਨੀ ਅੰਦੋਲਨ 41ਵੇਂ ਦਿਨ ਵਿੱਚ ਸਾਮਲ ਹੋ ਚੁੱਕਾ ਹੈ, ਜਿਸ ਕਾਰਨ ਕੇਂਦਰ ਦੀ ਭਾਜਪਾ ਸਰਕਾਰ ਦੀ ਘਬਰਾਹਟ ਵੱਧ ਗਈ ਹੈ। ਭਾਜਪਾ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਪੰਧੇਰ ਨੇ ਕਿਹਾ ਕਿ ਜੋ ਕਹਿੰਦੇ ਸੀ ਕਿ ਇਸ ਵਾਰ 400 ਤੋਂ ਵੱਧ ਸੀਟਾਂ ਲੈ ਕੇ ਜਾਣਗੇ ਪਰ ਕਿਸਾਨ ਨਾਲ ਕੀਤੇ ਗਏ ਗਲਤ ਰਵੀਏ ਤੋਂ ਇਹ ਲਗਦਾ ਹੈ ਕਿ ਦੇਸ਼ ਦੇ 140 ਕਰੋੜ ਲੋਕ ਭਾਜਪਾ ਨੂੰ ਸੱਤਾ ਤੋਂ ਬਾਹਰ ਹੀ ਨਾ ਕਰ ਦੇਣ।

ਅਦਾਕਾਰਾ ਕੰਗਨਾ ਰਣੌਤ ਨੂੰ ਹਿਮਾਚਲ ਦੀ ਮੰਡੀ ਤੋਂ ਟਿਕਟ ਦਿੱਤੇ ਜਾਣ ‘ਤੇ ਪੰਧੇਰ ਨੇ ਕਿਹਾ ਕਿ ਸੱਤਾ ਹੱਥੋਂ ਜਾਣ ਦੇ ਡਰ ਤੋਂ ਭਾਜਪਾ ਫਿਲਮੀ ਸਟਾਰਾਂ ਨੂੰ ਟਿਕਟਾਂ ਦੇ ਰਹੀ ਹੈ।  ਪੰਧੇਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਵਾਲ ਕਰਦਿਆਂ ਕਿਹਾ ਕਿ ਮੋਦੀ ਜੀ ਨੂੰ ਜੇਕਰ 400 ਸੀਟਾਂ ਜਿੱਤਣ ਦਾ ਆਪਣੇ ਆਪ ‘ਤੇ ਭਰੋਸਾ ਹੈ ਤਾਂ ਫਿਲਮੀ ਸਟਾਰਾਂ ਨੂੰ ਟਿਕਟਾਂ ਕਿਉਂ ਦਿੱਤੀਆਂ ਜਾ ਰਹੀਆਂ ਹਨ।

ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਹਿਮਾਚਲ ਦੇ ਲੋਕਾਂ ਨੂੰ ਇਹੀ ਕਹਿਣਾ ਹੈ ਕਿ ਸੰਨੀ ਦਿਓਲ ਜੋ ਕਿ ਪੰਜਾਬ ਦੇ ਗੁਰਦਾਸਪੁਰ ਤੋਂ ਉਮੀਦਵਾਰ ਸਨ, ਉਨ੍ਹਾਂ ਨੂੰ ਕਦੇ ਨਹੀਂ ਮਿਲੇ। ਸੰਨੀ ਦਿਓਲ ਨੇ ਜਿੱਤਣ ਤੋਂ ਬਾਅਦ ਕਦੇ ਗੁਰਦਾਸਪੁਰ ਦਾ ਧਿਆਨ ਨਹੀਂ ਰੱਖਿਆ, ਅਜਿਹੇ ‘ਚ ਲੋਕਾਂ ਨੂੰ ਸੋਚਣਾ ਚਾਹੀਦਾ ਹੈ ਕਿ ਕੀ ਕਰਨਾ ਹੈ।

ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਨੂੰ ਅਪੀਲ ਹੈ ਕਿ 31 ਮਾਰਚ ਨੂੰ ਕਿਸਾਨਾਂ ਦੇ ਸ਼ਹੀਦੀ ਸਮਾਗਮ ਦੇ ਮੱਦੇਨਜ਼ਰ ਵਿਰੋਧੀ ਧਿਰ ਆਪਣਾ ਕੋਈ ਸਮਾਗਮ ਨਾ ਰੱਖੇ। ਇਸ ਤਰ੍ਹਾਂ ਵੀ ਉਹ ਕਿਸਾਨਾਂ ਦਾ ਸਮਰਥਨ ਕਰ ਸਕਦੇ ਹਨ।

ਇਸਦੇ ਨਾਲ ਉਨਾਂ ਨੇ ਕਿਹਾ ਕਿ ਹਰਿਆਣਾ ਦੇ ਅੰਬਾਲਾ ਦੀ ਮੋੜਾਂ ਮੰਡੀ ਵਿੱਚ ਸ਼ਹੀਦ ਕਿਸਾਨ ਸ਼ੁਭਕਰਨ ਸਿੰਘ ਦੀ ਯਾਦ ਵਿੱਚ ਸ਼ਹੀਦੀ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸਦੇ ਨਾਲ ਉਨ੍ਹਾਂ ਨੇ PM ਮੋਦੀ ਨੂੰ ਕਿਹਾ ਕਿ ਜਿਵੇਂ ਸਰਕਾਰ ਆਪਣੀਆਂ ਵਿਰੋਧੀ ਪਾਰਟੀਆਂ ਨੂੰ ਈਡੀ ਅਤੇ ਸੀਬੀਆਈ ਨੂੰ ਭੇਜ ਕੇ ਉਨ੍ਹਾਂ ਨੂੰ ਡਰਾ ਰਹੀ ਹੈ ਪਰ ਇਹ ਕਿਸਾਨ ਹਨ ਜੋ ਕਿਸੇ ਤੋਂ ਵੀ ਨਹੀਂ ਡਰਦੇ। ਪੰਧੇਰ ਨੇ ਕਿਹਾ ਕਿ ਕਿਸਾਨ ਉਦੋਂ ਤੱਕ ਨਹੀਂ ਉਠਣਗੇ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਮੰਨੀਆਂ ਜਾਂਦੀਆਂ।