ਬਿਉਰੋ ਰਿਪੋਰਟ: ਵਾਇਨਾਡ ਵਿੱਚ ਜ਼ਮੀਨ ਖਿਸਕਣ ਦੇ ਚੌਥੇ ਦਿਨ ਸ਼ੁੱਕਰਵਾਰ ਨੂੰ ਇੱਕ ਚੰਗੀ ਖ਼ਬਰ ਆਈ। ਜੰਗਲਾਤ ਅਧਿਕਾਰੀਆਂ ਨੇ 8 ਘੰਟੇ ਦੀ ਮੁਹਿੰਮ ਚਲਾ ਕੇ 4 ਬੱਚਿਆਂ ਸਮੇਤ 6 ਲੋਕਾਂ ਨੂੰ ਦੂਰ-ਦੁਰਾਡੇ ਦੇ ਕਬਾਇਲੀ ਇਲਾਕੇ ਵਿੱਚੋਂ ਬਚਾਇਆ। ਬੱਚਿਆਂ ਦੀ ਉਮਰ ਇੱਕ ਤੋਂ ਚਾਰ ਸਾਲ ਹੈ। ਪੰਨੀਆ ਭਾਈਚਾਰੇ ਦਾ ਇਹ ਕਬਾਇਲੀ ਪਰਿਵਾਰ ਪਹਾੜੀ ਦੀ ਚੋਟੀ ’ਤੇ ਇੱਕ ਗੁਫਾ ਅੰਦਰ ਫਸਿਆ ਹੋਇਆ ਸੀ।
ਸਮਾਚਾਰ ਏਜੰਸੀ ਪੀਟੀਆਈ ਨਾਲ ਗੱਲ ਕਰਦੇ ਹੋਏ ਕਲਪੇਟਾ ਰੇਂਜ ਦੇ ਜੰਗਲਾਤ ਅਧਿਕਾਰੀ ਹਾਸ਼ੀਸ ਨੇ ਕਿਹਾ – ਅਸੀਂ ਵੀਰਵਾਰ ਨੂੰ ਇੱਕ ਮਾਂ ਅਤੇ 4 ਸਾਲ ਦੇ ਬੱਚੇ ਨੂੰ ਜੰਗਲ ਦੇ ਕੋਲ ਭਟਕਦੇ ਦੇਖਿਆ। ਪੁੱਛਗਿੱਛ ਦੌਰਾਨ ਉਸ ਨੇ ਆਪਣਾ ਨਾਂ ਸ਼ਾਂਤਾ ਦੱਸਿਆ। ਉਨ੍ਹਾਂ ਕਿਹਾ ਕਿ ਉਹ ਚੂਰਲਮਾਲਾ ਦੇ ਇਰਾਤੁਕੁੰਡੂ ਓਰੂ (ਬਸਤੀ) ਵਿੱਚ ਰਹਿੰਦੇ ਹਨ। ਉਸ ਦੇ 3 ਹੋਰ ਬੱਚੇ, ਉਨ੍ਹਾਂ ਦਾ ਪਿਤਾ, ਪਹਾੜੀ ’ਤੇ ਇੱਕ ਗੁਫਾ ਵਿੱਚ ਭੁੱਖੇ-ਪਿਆਸੇ ਫਸੇ ਹੋਏ ਹਨ।
ਤਿਲ੍ਹਕਣ ਵਾਲੀਆਂ ਸਥਿਤੀਆਂ ਵਿੱਚ 8 ਘੰਟੇ ਬਚਾਅ
ਹਸ਼ੀਸ ਨੇ ਦੱਸਿਆ ਕਿ ਵਾਇਨਾਡ ਵਿੱਚ ਜ਼ਮੀਨ ਖਿਸਕਣ ਵਾਲੇ ਦਿਨ ਸ਼ਾਂਤਾ ਨੂੰ ਆਪਣੇ ਬੱਚੇ ਨਾਲ ਜੰਗਲ ਵਿੱਚ ਦੇਖਿਆ ਗਿਆ ਸੀ। ਪਰ ਉਸਨੇ ਕਿਹਾ ਕਿ ਉਹ ਬੱਸ ਘੁੰਮ ਰਹੀ ਸੀ। ਸਾਨੂੰ ਪਤਾ ਸੀ ਕਿ ਉਹ ਭੁੱਖੇ ਸਨ ਅਤੇ ਡੂੰਘੇ ਜੰਗਲ ਵਿੱਚ ਜਾਣ ਦੀ ਤਿਆਰੀ ਕਰ ਰਹੇ ਸਨ। ਦੋ ਦਿਨਾਂ ਬਾਅਦ ਉਹ ਫਿਰ ਦਿਖਾਈ ਦਿੱਤੇ। ਇਸ ਵਾਰ ਉਹ ਸਾਨੂੰ ਦੇਖ ਕੇ ਭੱਜੇ ਨਹੀਂ। ਭੁੱਖ ਕਾਰਨ ਉਸ ਦੀ ਹਾਲਤ ਵਿਗੜ ਗਈ ਸੀ। ਪੁੱਛਣ ’ਤੇ ਸ਼ਾਂਤਾ ਨੇ ਦੱਸਿਆ ਕਿ ਉਸ ਦਾ ਪਰਿਵਾਰ ਪਹਾੜੀ ’ਤੇ ਇੱਕ ਗੁਫਾ ’ਚ ਫਸਿਆ ਹੋਇਆ ਸੀ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ 4 ਲੋਕਾਂ ਦੀ ਟੀਮ ਬਣਾਈ। ਟੀਮ ਨੇ 8 ਘੰਟਿਆਂ ਦੀ ਕੋਸ਼ਿਸ਼ ਤੋਂ ਬਾਅਦ ਭਾਰੀ ਮੀਂਹ ਦੇ ਵਿਚਕਾਰ ਤਿਲ੍ਹਕਣ ਅਤੇ ਖੜ੍ਹੀਆਂ ਚੱਟਾਨਾਂ ਤੋਂ ਉਨ੍ਹਾਂ ਨੂੰ ਬਚਾਇਆ। ਤਿਲਕਣ ਵਾਲੀਆਂ ਚੱਟਾਨਾਂ ’ਤੇ ਚੜ੍ਹਨ ਲਈ ਦਰੱਖਤਾਂ ਨਾਲ ਰੱਸੀਆਂ ਬੰਨ੍ਹਣੀਆਂ ਪੈਂਦੀਆਂ ਸਨ। ਜਦੋਂ ਅਸੀਂ ਗੁਫਾ ਦੇ ਨੇੜੇ ਪਹੁੰਚੇ ਤਾਂ ਉੱਥੇ ਤਿੰਨ ਬੱਚੇ ਅਤੇ ਇੱਕ ਆਦਮੀ ਬੈਠਾ ਸੀ। ਅਸੀਂ ਉਨ੍ਹਾਂ ਨੂੰ ਆਪਣੇ ਕੋਲ ਬੁਲਾਇਆ। ਉਹ ਅੱਗੇ ਨਹੀਂ ਆ ਰਹੇ ਸਨ। ਬਹੁਤ ਸਮਝਾਉਣ ਤੋਂ ਬਾਅਦ ਉਸਦੇ ਪਿਤਾ ਨੇ ਸਾਡੇ ਨਾਲ ਆਉਣ ਲਈ ਹਾਮੀ ਭਰ ਦਿੱਤੀ।
ਸਾਡੇ ਕੋਲ ਰੱਸੀ ਤੋਂ ਸਿਵਾਏ ਕੁਝ ਨਹੀਂ ਸੀ। ਅਸੀਂ ਇੱਕ ਚਾਦਰ ਨੂੰ ਤਿੰਨ ਟੁਕੜਿਆਂ ਵਿੱਚ ਕੱਟਿਆ ਅਤੇ ਬੱਚਿਆਂ ਨੂੰ ਆਪਣੇ ਸਰੀਰ ਨਾਲ ਬੰਨ੍ਹ ਦਿੱਤਾ ਅਤੇ ਵਾਪਸੀ ਦੀ ਯਾਤਰਾ ਸ਼ੁਰੂ ਕੀਤੀ। ਕੈਂਪ ਤੱਕ ਪਹੁੰਚਣ ਲਈ ਕਰੀਬ ਸਾਢੇ ਚਾਰ ਘੰਟੇ ਲੱਗ ਗਏ।
ਵਾਇਨਾਡ ’ਚ ਹੁਣ ਤੱਕ 341 ਲਾਸ਼ਾਂ ਮਿਲੀਆਂ, 134 ਲਾਸ਼ਾਂ ਟੁਕੜਿਆਂ ’ਚ ਮਿਲੀਆਂ
ਕੇਰਲ ਦੇ ਵਾਇਨਾਡ ਵਿੱਚ 29-30 ਜੁਲਾਈ ਦੀ ਰਾਤ ਨੂੰ ਭਾਰੀ ਮੀਂਹ ਤੋਂ ਬਾਅਦ ਹੋਏ ਜ਼ਮੀਨ ਖਿਸਕਣ ਵਿੱਚ ਮਰਨ ਵਾਲਿਆਂ ਦੀ ਗਿਣਤੀ 341 ਹੋ ਗਈ ਹੈ। ਇਨ੍ਹਾਂ ਸਾਰੀਆਂ ਲਾਸ਼ਾਂ ਦਾ ਪੋਸਟਮਾਰਟਮ ਕਰਵਾਇਆ ਗਿਆ ਹੈ। ਇਨ੍ਹਾਂ ਵਿੱਚੋਂ 146 ਲਾਸ਼ਾਂ ਦੀ ਪਛਾਣ ਹੋ ਚੁੱਕੀ ਹੈ। ਸਿਰਫ਼ 134 ਲੋਕਾਂ ਦੀਆਂ ਲਾਸ਼ਾਂ ਦੇ ਟੁਕੜੇ ਹੀ ਬਰਾਮਦ ਹੋਏ ਹਨ।
ਫੌਜ ਨੇ 1 ਅਗਸਤ ਨੂੰ ਮੁੰਡਕਈ, ਚੂਰਲਮਾਲਾ, ਅੱਟਾਮਾਲਾ ਅਤੇ ਨੂਲਪੁਝਾ ਪਿੰਡਾਂ ’ਚ ਬਚਾਅ ਮੁਹਿੰਮ ਖ਼ਤਮ ਹੋਣ ਦੀ ਸੂਚਨਾ ਦਿੱਤੀ ਸੀ। ਹੁਣ ਸਿਰਫ਼ ਮਲਬੇ ਹੇਠ ਦੱਬੀਆਂ ਲਾਸ਼ਾਂ ਨੂੰ ਲੱਭਣ ਦਾ ਕੰਮ ਚੱਲ ਰਿਹਾ ਹੈ। ਕਈ ਥਾਵਾਂ ’ਤੇ ਮਲਬੇ ਹੇਠ 20 ਤੋਂ 30 ਫੁੱਟ ਤੱਕ ਲਾਸ਼ਾਂ ਦੱਬੇ ਹੋਣ ਦਾ ਖ਼ਦਸ਼ਾ ਹੈ।