ਮਾਨਸਾ : ਪਹਾੜੀ ਤੇ ਮੈਦਾਨੀ ਖੇਤਰਾਂ ਵਿੱਚ ਬੀਤੇ ਕੁਝ ਦਿਨਾਂ ਤੋਂ ਹੋ ਰਹੀ ਲਗਾਤਾਰ ਬਾਰਸ਼ ਕਾਰਨ ਡੈਮਾਂ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਹੈ। ਬਿਆਸ ਦਰਿਆ ਉੱਤੇ ਬਣੇ ਪੌਂਗ ਡੈਮ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਮੁੜ ਪਾਣੀ ਛੱਡਣ ਦਾ ਫੈਸਲਾ ਲਿਆ ਗਿਆ ਹੈ। ਭਾਖੜਾ ਬਿਆਸ ਮੈਨੇਜਮੈਂਟ ਵੱਲੋਂ ਅੱਜ 16 ਜੁਲਾਈ ਨੂੰ ਸ਼ਾਮ 4 ਵਜੇ ਪਾਣੀ ਛੱਡਿਆ ਜਾਵੇਗਾ। ਇਸ ਦੇ ਮੱਦੇਨਜ਼ਰ ਬਿਆਸ ਦਰਿਆ ਨੇੜੇ ਰਹਿੰਦੀ ਵਸੋਂ ਨੂੰ ਚੌਕਸ ਕਰ ਦਿੱਤਾ ਹੈ।
ਮਾਲਵਾ ਤੇ ਦੁਆਬਾ ਤੋਂ ਬਾਅਦ ਹੁਣ ਪੰਜਾਬ ਦੇ ਮਾਝਾ ਵਿੱਚ ਵੀ ਹੜ੍ਹਾਂ ਦਾ ਖ਼ਤਰਾ ਮੰਡਰਾ ਰਿਹਾ ਹੈ। ਪਠਾਨਕੋਟ ਨੇੜੇ ਰਣਜੀਤ ਸਾਗਰ ਡੈਮ ਦਾ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਮਹਿਜ਼ 4 ਮੀਟਰ ਹੇਠਾਂ ਰਹਿ ਗਿਆ ਹੈ। ਡੈਮ ਦਾ ਪਾਣੀ 523 ਮੀਟਰ ਤੱਕ ਪਹੁੰਚ ਗਿਆ ਹੈ। ਜਦਕਿ ਇਸ ਦਾ ਖਤਰੇ ਦਾ ਪੱਧਰ 527 ਮੀਟਰ ਹੈ। ਅਜਿਹੇ ‘ਚ ਫਲੱਡ ਗੇਟ ਕਿਸੇ ਵੀ ਸਮੇਂ ਖੋਲ੍ਹੇ ਜਾ ਸਕਦੇ ਹਨ।
ਮਾਨਸਾ ਜ਼ਿਲ੍ਹੇ ਵਿੱਚੋਂ ਲੰਘਦੇ ਘੱਗਰ ਦਰਿਆ ਵਿੱਚ ਬੀਤੇ ਕੱਲ੍ਹ ਪਏ ਪਾੜ ਨੂੰ ਅੱਜ ਦੂਜੇ ਦਿਨ ਵੀ ਬੰਦ ਨਹੀਂ ਕੀਤਾ ਜਾ ਸਕਿਆ ਹੈ, ਹਾਲਾਂਕਿ ਇਹ ਪਾੜ ਪਹਿਲਾਂ ਨਾਲੋਂ ਵੀ ਜ਼ਿਆਦਾ ਚੌੜਾ ਹੋ ਗਿਆ ਹੈ, ਜਿਸ ਕਾਰਨ ਲੋਕਾਂ ਵਿੱਚ ਸਹਿਮ ਹੈ। ਮਾਨਸਾ ਜ਼ਿਲ੍ਹੇ ਦੇ ਸਰਦੂਲਗੜ੍ਹ ਖੇਤਰ ਵਿਚ ਘੱਗਰ ਦਾ ਪਾਣੀ ਲਗਾਤਾਰ ਖ਼ਤਰੇ ਦੇ ਨਿਸ਼ਾਨ ਤੋਂ ਉਪਰ ਚੱਲ ਰਿਹਾ ਹੈ।
ਅੱਜ ਮਾਨਸਾ ਜ਼ਿਲ੍ਹੇ ਦੇ ਪਿੰਡ ਬੀਰੇਵਾਲਾ ਡੋਗਰਾ ਵਿੱਚ ਘੱਗਰ ਦਾ ਪਾਣੀ ਪਹੁੰਚ ਗਿਆ ਹੈ। ਮਾਨਸਾ ਦੇ ਪਿੰਡ ਚੱਕ ਆਲੀ ਵਿੱਚ ਲੋਕ ਹੜ੍ਹਾਂ ਦੇ ਪਾਣੀ ਤੋਂ ਬਚਣ ਲਈ ਰਸਤਿਆਂ ਉੱਤੇ ਟਰਾਲੀਆਂ ਦੀਆਂ ਟਰਾਲੀਆਂ ਮਿੱਟੀ ਪਾ ਰਹੇ ਹਨ।