ਬਿਉਰੋ ਰਿਪੋਰਟ (ਗੁਰਪ੍ਰੀਤ ਕੌਰ) – ਦੇਸ਼ ਵਿੱਚ ਲੋਕ ਸਭਾ ਚੋਣਾਂ 2024 ਖ਼ਤਮ ਹੋ ਗਈਆਂ ਹਨ। ਸਿਆਸਤਦਾਨ ਵੀ ਚੋਣ ਪ੍ਰਚਾਰ ਕਰਨ ਤੋਂ ਬਾਅਦ ਆਪੋ-ਆਪਣੇ ਘਰਾਂ ਵਿੱਚ ਬੈਠ ਗਏ ਹਨ। ਚੋਣ ਪ੍ਰਚਾਰ ਦੌਰਾਨ ਲੀਡਰਾਂ ਨੇ ਲੋਕਾਂ ਨਾਲ ਬਹੁਤ ਵੱਡੇ-ਵੱਡੇ ਵਾਅਦੇ ਕੀਤੇ ਸਨ। ਪਰ ਚੋਣਾਂ ਮੁੱਕਦਿਆਂ ਹੀ ਇਨ੍ਹਾਂ ਵਾਅਦਿਆਂ ਦੀ ਫੂਕ ਨਿਕਲਦੀ ਦਿਖਾਈ ਦੇ ਰਹੀ ਹੈ। ਪੰਜਾਬ ਵਿੱਚ ਇੱਕ ਪਾਸੇ ਜਿੱਥੇ ਦੁੱਧ ਤੇ ਟੋਲ ਮਹਿੰਗੇ ਹੋ ਗਏ ਹਨ, ਉੱਥੇ ਦੂਜੇ ਪਾਸੇ ਕਿਸਾਨਾਂ ਨਾਲ ਪਾਣੀ ਦੀ ਨਿਰਵਿਘਨ ਸਪਲਾਈ ਦਾ ਵੀ ਅਸਲੀ ਸੱਚ ਸਾਹਮਣੇ ਆ ਗਿਆ ਹੈ।
ਜ਼ਿਲ੍ਹਾ ਪਟਿਆਲਾ ਤੋਂ ਪਾਣੀ ਦੀ ਸਪਲਾਈ 12 ਘੰਟਿਆਂ ਤੋਂ ਘਟਾ ਕੇ 4 ਘੰਟੇ ਕੀਤੇ ਜਾਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਇੱਥੇ ਇੱਕ ਮਹੀਨੇ ਤੋਂ ਮੋਟਰਾਂ ਵਾਲੀ ਸਪਲਾਈ ਸਵੇਰੇ 6 ਵਜੇ ਤੋਂ ਲੈ ਕੇ ਸ਼ਾਮ ਨੂੰ 6 ਵਜੇ ਤੱਕ ਚੱਲਦੀ ਸੀ। ਜਿਵੇਂ ਹੀ ਪਰਸੋਂ ਵੋਟਾਂ ਦੀ ਪ੍ਰਕਿਰਿਆ ਖ਼ਤਮ ਹੋਈ, ਬੀਤੇ ਕੱਲ੍ਹ ਹੀ ਪਾਣੀ ਦੀ ਸਪਲਾਈ ਦਾ ਨਵਾਂ ਸ਼ਡਿਊਲ ਜਾਰੀ ਕਰ ਦਿੱਤਾ ਗਿਆ, ਜਿਸ ਵਿੱਚ ਪਾਣੀ ਦੀ ਸਪਲਾਈ ਚਾਰ ਘੰਟੇ ਕਰ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਮਿਤੀ 3 ਜੂਨ ਤੋਂ ਪਾਣੀ ਦੀ ਸਪਲਾਈ ਦਾ ਇਹ ਨਵਾਂ ਸ਼ਡਿਊਲ ਜਾਰੀ ਕੀਤਾ ਗਿਆ ਹੈ।
ਇਸ ਸਬੰਧੀ ਇੱਕ ਪੇਜ ’ਤੇ ਲਿਖਿਆ ਹੋਇਆ ਨੋਟ ਸਾਹਮਣੇ ਆਇਆ ਹੈ, ਜਿਸ ਵਿੱਚ ਪਾਣੀ ਦੀ ਸਪਲਾਈ ਦੀ ਸ਼ਡਿਊਲ ਲਿਖਿਆ ਹੋਇਆ ਹੈ। ਇਸ ਮੁਤਾਬਕ ਪਾਣੀ ਦੀ ਸਪਲਾਈ ਨੂੰ 2 ਖੰਡਾਂ ਵਿੱਚ ਵੰਡਿਆ ਗਿਆ ਹੈ। ਹਰੇਕ ਗਰੁੱਪ ਵਿੱਚ ਪਾਣੀ ਦੀ ਸਪਲਾਈ 4 ਘੰਟਿਆਂ ਲਈ ਦਿੱਤੀ ਜਾਵੇਗੀ। ਪਹਿਲੇ ਗਰੁੱਪ ਵਿੱਚ ਸਵੇਰੇ 6 ਤੋਂ ਸਵੇਰੇ 10 ਵਜੇ ਤਕ ਪਾਣੀ ਦੀ ਸਪਲਾਈ ਕੀਤੀ ਜਾਵੇਗੀ, ਜਦਕਿ ਦੂਜੇ ਗਰੁੱਪ ਵਿੱਚ ਸਵੇਰੇ 10 ਵਜੇ ਤੋਂ 2 ਵਜੇ ਤਕ 4 ਘੰਟਿਆਂ ਵਾਸਤੇ ਪਾਣੀ ਦਿੱਤਾ ਜਾਵੇਗਾ।
ਪਹਿਲੇ ਗਰੁੱਪ ਵਿੱਚ ਰਾਮਪੁਰ ਸ਼ਾਹਵਾਲ, ਜਿੰਦਲਪੁਰ, ਪੰਡਰਾਲੀ, ਭੱਲ ਮਾਜਰਾ, ਤਰਖੇੜੀ ਕਲਾਂ, ਰੰਘੇੜੀ ਪਿੰਡ ਹਨ, ਜਦਕਿ ਦੂਜੇ ਗਰੁੱਪ ਵਿੱਚ ਦਿੱਤੂਪੁਰ ਜੱਟਾਂ, ਦੰਦਰਾਲਾ, ਅਤਾਪੁਰ, ਖੁਰਦ, ਟੋਹੜਾ, ਚਨਾਰਥਲ, ਜਲਖੇੜੀ, ਡਕੌਂਦਾ, ਤੇ ਬਸੰਤਪੁਰਾ ਪਿੰਡ ਲਿਖੇ ਹੋਏ ਨਜ਼ਰ ਆ ਰਹੇ ਹਨ।
ਇਸ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਕਿਸਾਨ ਕਾਫੀ ਰੋਹ ਵਿੱਚ ਹਨ। ਝੋਨੇ ਦੇ ਸੀਜ਼ਨ ਕਰਕੇ ਕਿਸਾਨਾਂ ਨੂੰ ਪਾਣੀ ਦੀ ਬਹੁਤ ਜ਼ਿਆਦਾ ਲੋੜ ਹੁੰਦੀ ਹੈ। ਅਜਿਹੇ ਵਿੱਚ ਪਾਣੀ ਦੀ ਸਪਲਾਈ ਘਟਾਉਣ ਨਾਲ ਕਿਸਾਨਾਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ।