Punjab

CM ਦੀ ਰਿਹਾਇਸ਼ ਵੱਲ ਵਧ ਰਹੇ ਯੂਥ ਕਾਂਗਰਸੀ ਵਰਕਰਾਂ ‘ਤੇ ਪਾਣੀ ਦੀਆਂ ਬੁਛਾੜਾਂ, ਹਿਰਾਸਤ ‘ਚ ਲਏ ਕਈ ਲੀਡਰ

Water splashed on Youth Congress workers moving towards CM's residence, many leaders detained

ਚੰਡੀਗੜ੍ਹ ਵਿੱਚ ਪੰਜਾਬ ਭਵਨ ਵੱਲ ਵਧ ਰਹੇ ਪੰਜਾਬ ਯੂਥ ਕਾਂਗਰਸ ਦੇ ਵਰਕਰਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਉਨ੍ਹਾਂ ਨੂੰ ਪੰਜਾਬ ਕਾਂਗਰਸ ਭਵਨ ਨੇੜੇ ਨਜ਼ਰਬੰਦ ਕਰ ਲਿਆ ਗਿਆ। ਇੰਨਾ ਹੀ ਨਹੀਂ ਮਾਹੌਲ ਵਿਗੜਦਾ ਦੇਖ ਕੇ ਉਨ੍ਹਾਂ ‘ਤੇ ਵਾਟਰ ਗੰਨ ਦਾ ਵੀ ਇਸਤੇਮਾਲ ਕੀਤਾ ਗਿਆ।

ਜ਼ਿਕਰਯੋਗ ਹੈ ਕਿ ਯੂਥ ਕਾਂਗਰਸ ਦੇ ਆਗੂਆਂ ਨੇ ਅੱਜ ਮੁੱਖ ਮੰਤਰੀ ਨਿਵਾਸ ਦਾ ਘਿਰਾਓ ਕਰਨ ਦੀ ਗੱਲ ਆਖੀ ਸੀ। ਉਹ ਪੰਜਾਬ ਵਿੱਚ ਵਿਗੜ ਰਹੀ ਅਮਨ-ਕਾਨੂੰਨ ਦੀ ਸਥਿਤੀ ਨੂੰ ਲੈ ਕੇ ਰੋਸ ਪ੍ਰਦਰਸ਼ਨ ਕਰ ਰਹੇ ਸਨ। ਯੂਥ ਕਾਂਗਰਸ ਦੇ ਵਰਕਰਾਂ ਨੇ ਚੰਡੀਗੜ੍ਹ ਦੇ ਸੈਕਟਰ-15 ‘ਚ ਰੋਸ ਮੁਜ਼ਾਹਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਸੀਐਮ ਰਿਹਾਇਸ਼ ਵੱਲ ਕੂਚ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਰੋਕਣ ਲਈ ਉਨ੍ਹਾਂ ‘ਤੇ ਪਾਣੀ ਦੀਆਂ ਬੁਛਾੜਾਂ ਦੀ ਵਰਤੋ ਕੀਤੀ।

ਇਸ ਦੌਰਾਨ ਕਾਂਗਰਸੀ ਵਰਕਰਾਂ ਨੇ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਪੁਲਿਸ ਅਤੇ ਯੂਥ ਕਾਂਗਰਸ ਦੇ ਵਰਕਰਾਂ ਦਰਮਿਆਨ ਝੜਪ ਵੀ ਹੋਈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਵੱਲ ਵਧਦੇ ਹੋਏ ਪੁਲਿਸ ਨੇ ਯੂਥ ਕਾਂਗਰਸੀ ਆਗੂਆਂ ਨੂੰ ਰਸਤੇ ਵਿੱਚ ਹੀ ਘੇਰ ਲਿਆ। ਸਥਿਤੀ ਕਾਬੂ ਤੋਂ ਬਾਹਰ ਹੁੰਦੀ ਵੇਖ ਪੁਲਿਸ ਨੇ ਪਹਿਲਾਂ ਵਾਟਰ ਕੈਨਨ ਗੰਨ ਦੀ ਵਰਤੋਂ ਕੀਤੀ। ਜਿਸ ਤੋਂ ਬਾਅਦ ਭੀੜ ਖਿੰਡ ਗਈ ਪਰ ਜਿਵੇਂ ਹੀ ਕਾਂਗਰਸੀ ਆਗੂ ਮੁੜ ਇਕੱਠੇ ਹੋ ਕੇ ਅੱਗੇ ਵਧਣ ਲੱਗੇ ਤਾਂ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ।

ਇਹ ਪ੍ਰਦਰਸ਼ਨ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਮੋਹਿਤ ਮਹਿੰਦਰਾ ਦੀ ਦੇਖ-ਰੇਖ ਹੇਠ ਸ਼ੁਰੂ ਹੋਇਆ। ਮੋਹਿਤ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ (ਆਪ) ਨੇ ਝੂਠੇ ਵਾਅਦੇ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਹੈ। ਇਹ ਰੋਸ ਸਿਰਫ਼ ਉਨ੍ਹਾਂ ਦੇ ਝੂਠ ਦੇ ਖ਼ਿਲਾਫ਼ ਹੈ। ਪੰਜਾਬ ਵਿੱਚ ਅਮਨ ਕਾਨੂੰਨ ਦੀ ਹਾਲਤ ਤਰਸਯੋਗ ਹੈ। ਲੋਕਾਂ ਨੂੰ ਫਿਰੌਤੀ ਦੇ ਫੋਨ ਆ ਰਹੇ ਹਨ। ਹਰ ਰੋਜ਼ ਕਤਲ ਹੋ ਰਹੇ ਹਨ। ਜੇਲ੍ਹਾਂ ਵਿੱਚ ਗੈਂਗਸਟਰ ਫੋਨ ਦੀ ਵਰਤੋਂ ਕਰ ਰਹੇ ਹਨ। ਪੰਜਾਬ ਸਰਕਾਰ ਕੋਲ ਹਾਈ ਕੋਰਟ ਵਿੱਚ ਦੇਣ ਲਈ ਕੋਈ ਜਵਾਬ ਨਹੀਂ ਹੈ। ਇੰਨਾ ਹੀ ਨਹੀਂ ਪੰਜਾਬ ਸਰਕਾਰ ਪੈਸੇ ਦੀ ਦੁਰਵਰਤੋਂ ਕਰ ਰਹੀ ਹੈ।