India Punjab

ਮੀਂਹ ਦੀ ਘਾਟ ਕਾਰਨ ਪੰਜਾਬ ਤੇ ਹਿਮਾਚਲ ਪ੍ਰਦੇਸ਼ ਦੇ ਡੈਮਾਂ ’ਚ ਘਟਿਆ ਪਾਣੀ

ਗਰਮੀਆਂ ਦਾ ਮੌਸਮ ਸ਼ੁਰੂ ਹੁੰਦਿਆਂ ਹੀ ਖਿੱਤੇ ਦੇ ਅਹਿਮ ਡੈਮਾਂ ’ਚ ਪਾਣੀ ਪੱਧਰ ਆਮ ਨਾਲੋਂ ਕਾਫੀ ਹੇਠਾਂ ਚਲਾ ਗਿਆ ਹੈ, ਜਿਸ ਕਾਰਨ ਅਧਿਕਾਰੀ ਚੌਕਸ ਹੋ ਗਏ ਹਨ ਕਿਉਂਕਿ ਇਸ ਕਾਰਨ ਬਿਜਲੀ ਉਤਪਾਦਨ ਦੇ ਨਾਲ ਨਾਲ ਸਿੰਜਾਈ ਲਈ ਪਾਣੀ ਦੀ ਲੋੜ ਪੂਰੀ ਕਰਨ ਦਾ ਕੰਮ ਪ੍ਰਭਾਵਿਤ ਹੋ ਸਕਦਾ ਹੈ। ਇਸ ਸਾਲ ਉੱਤਰ-ਪੱਛਮੀ ਭਾਰਤ ’ਚ ਮੀਂਹ ਘੱਟ ਪੈਣ ਕਾਰਨ ਇਹ ਸਥਿਤੀ ਬਣੀ ਹੈ।

ਮੌਸਮ ਵਿਗਿਆਨ ਵਿਭਾਗ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਪੰਜਾਬ ’ਚ 1 ਤੋਂ 28 ਮਾਰਚ ਤਕ ਸਿਰਫ਼ 7.6 ਮਿਲੀਮੀਟਰ ਮੀਂਹ ਪਿਆ ਜਦਕਿ ਇਸ ਸਮੇਂ ਦੌਰਾਨ ਔਸਤਨ 21.5 ਐੱਮਐੱਮ ਮੀਂਹ ਪੈਂਦੇ ਹਨ ਤੇ ਇਹ ਆਮ ਨਾਲੋਂ 65 ਫੀਸਦ ਘੱਟ ਹਨ। ਇਸੇ ਤਰ੍ਹਾਂ ਹਿਮਾਚਲ ਪ੍ਰਦੇਸ਼ ’ਚ ਮਾਰਚ ਦੌਰਾਨ 28 ਫੀਸਦ ਘੱਟ ਮੀਂਹ ਪਏ ਹਨ। ਹਿਮਾਚਲ ਪ੍ਰਦੇਸ਼, ਪੰਜਾਬ, ਹਰਿਆਣਾ ਤੋਂ ਇਲਾਵਾ ਰਾਜਸਥਾਨ, ਦਿੱਲੀ ਤੇ ਚੰਡੀਗੜ੍ਹ ਦੇ ਕਈ ਹਿੱਸੇ ਇਨ੍ਹਾਂ ਡੈਮਾਂ ’ਤੇ ਨਿਰਭਰ ਕਰਦੇ ਹਨ।
ਹਿਮਾਚਲ ਪ੍ਰਦੇਸ਼ ’ਚ ਬਿਆਸ ਦਰਿਆ ’ਤੇ ਬਣੇ ਪੌਂਗ ਡੈਮ ਇਸ ਸਮੇਂ ਜਲ ਭੰਡਾਰ 13 ਫ਼ੀਸਦ ਹੈ, ਜੋ ਪਿਛਲੇ ਦਸ ਸਾਲਾਂ ’ਚ ਇਸ ਸਮੇਂ ਦੌਰਾਨ ਔਸਤਨ 25 ਫੀਸਦ ਰਿਹਾ ਹੈ। ਪੌਂਗ ਡੈਮ ’ਚ ਇਸ ਸਮੇਂ 0.816 ਬੀਸੀਐੱਮ ਪਾਣੀ ਉਪਲੱਭਧ ਹੈ ਜਦਕਿ ਡੈਮ ਦੀ ਕੁੱਲ ਭੰਡਾਰਨ ਸਮਰੱਥਾ 6.157 ਬੀਸੀਐੱਮ ਹੈ। ਪੰਜਾਬ ਵਿੱਚ ਰਾਵੀ ਦਰਿਆ ’ਤੇ ਬਣੇ ਥੀਨ ਡੈਮ ’ਚ ਮੌਜੂਦਾ ਸਮੇਂ ਇਸ ਦੀ ਸਮਰੱਥਾ ਮੁਕਾਬਲੇ 20 ਫੀਸਦ ਪਾਣੀ ਉਪਲੱਭਧ ਹੈ ਜਦਕਿ ਪਿਛਲੇ ਸਾਲਾਂ ’ਚ ਇੱਥੇ ਔਸਤਨ 41 ਫੀਸਦ ਪਾਣੀ ਰਿਹਾ ਹੈ। ਅੰਕੜਿਆਂ ਅਨੁਸਾਰ ਥੀਨ ਡੈਮ ’ਚ ਇਸ ਸਮੇਂ 0.469 ਬੀਸੀਐੱਮ ਪਾਣੀ ਉਪਲੱਭਧ ਹੈ ਜਦਕਿ ਇਸ ਦੀ ਕੁੱਲ ਭੰਡਾਰਨ ਸਮਰੱਥਾ 2.344 ਬੀਸੀਐੱਮ ਹੈ। ਪੰਜਾਬ ਤੇ ਹਿਮਾਚਲ ਪ੍ਰਦੇਸ਼ ਦੇ ਡੈਮਾਂ ਦੀ 3,175 ਮੈਗਾਵਾਟ ਬਿਜਲੀ ਉਤਪਾਦਨ ਦੀ ਸਮਰੱਥਾ ਹੈ ਜਦਕਿ ਇਨ੍ਹਾਂ ਡੈਮਾਂ ਰਾਹੀਂ 10,24,000 ਹੈਕਟੇਅਰ ਰਕਬੇ ਨੂੰ ਸਿੰਜਾਈ ਲਈ ਪਾਣੀ ਮੁਹੱਈਆ ਹੁੰਦਾ ਹੈ।