ਲਗਾਤਾਰ ਪੈ ਰਹੇ ਮੀਂਹ ਨੇ ਪਿਛਲੇ ਕੁਝ ਦਿਨਾਂ ਤੋਂ ਪੰਜਾਬੀਆਂ ਦੀ ਚਿੰਤਾ ਵਧਾਈ ਹੋਈ ਹੈ। ਦਰਿਆਈ ਇਲਾਕਾ ਪਾਣੀ ਦੀ ਸਭ ਤੋਂ ਵੱਧ ਮਾਰ ਝੱਲ ਰਿਹਾ ਹੈ। ਬਿਆਸ ਤੇ ਸਤਲੁਜ ਵਿਚ ਪਾਣੀ ਦਾ ਵਧਿਆ ਪੱਧਰ ਨੇੜਲੇ ਇਲਾਕਿਆਂ ਲਈ ਕਾਲ ਬਣ ਕੇ ਸਾਬਤ ਹੋਈਆ ਹੈ ਕਿਉਂਕਿ ਆਲੇ ਦੁਆਲੇ ਦੇ ਪਿੰਡਾਂ ਤੇ ਮੰਡ ਦੇ ਇਲਾਕਿਆਂ ਵਿਚ ਜਨ ਜੀਵਨ ਵੱਡੇ ਪੱਧਰ ਤੇ ਪ੍ਰਭਾਵਿਤ ਹੋਇਆ ਹੈ।
ਅੰਮ੍ਰਿਤਸਰ ਅਤੇ ਤਰਨ ਤਾਰਨ
ਅੰਮ੍ਰਿਤਸਰ ਅਤੇ ਤਰਨ ਤਾਰਨ ਜਿਲ੍ਹੇ ਪਿਛਲੇ 2 ਦਿਨਾਂ ਤੋਂ ਪੈ ਰਹੇ ਮੀਂਹ ਨੇ ਲੋਕਾਂ ਨੂੰ ਘਰਾਂ ਵਿਚ ਤਾੜ ਕੇ ਰੱਖ ਦਿੱਤਾ ਹੈ ਤੇ ਕਿਸਾਨਾਂ ਦੀ ਚਿੰਤਾ ਵੀ ਵਧਾ ਦਿੱਤੀ ਹੈ। ਇਨ੍ਹਾਂ ਦੋਹਾਂ ਜਿਲਿਆਂ ਵਿਚ ਲੰਘੇ ਕੱਲ ਤੋਂ ਭਾਰੀ ਮੀਂਹ ਪੈ ਰਿਹਾ ਹੈ ਤੇ ਅੱਜ ਵੀ ਮੀਂਹ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਮੌਸਮ ਵਿਭਾਗ ਦੀ ਮੰਨਿਏ ਤਾਂ ਅੰਮ੍ਰਿਤਸਰ ਅਤੇ ਤਰਨ ਤਾਰਨ ਦੇ ਇਲਾਕੇ ਵਿਚ ਅਗਲੇ ਇਕ ਹਫਤੇ ਤੱਕ ਮੀਂਹ ਪੈ ਸਕਦਾ ਹੈ।
ਬਿਆਸ ਦਰਿਆ
ਬਿਆਸ ਦਰਿਆ ਦੇ ਨੇੜੇ ਪਿੰਡਾਂ ਵਿਚ ਕਿਸਾਨਾਂ ਦੀ ਕਈ ਕਈ ਏਕੜ ਫਸਲ ਨੁਕਸਾਨੀ ਗਈ ਹੈ . ਤਰਨ ਤਾਰਨ ਦੇ ਪਿੰਡ ਕੋਟਬੁੱਢਾ ਨਜ਼ਦੀਕ ਸਤਲੁਜ ਦਰਿਆ ਦਾ ਪਾਣੀ ਵਧਦਾ ਹੀ ਜਾ ਰਿਹਾ ਹੈ ਤੇ ਦਰਿਆ ਨੂੰ ਰੋਕਣ ਵਾਲਾ ਬੰਨ ਵੀ ਟੁੱਟਣ ਕਿਨਾਰੇ ਹੈ ਪਰ ਸਥਾਨਕ ਲੋਕਾਂ ਵੱਲੋਂ ਆਪਣੇ ਤੌਰ ਤੇ ਪੂਰਾ ਜੋਰ ਲਗਾ ਤੇ ਬੰਨ ਨੂੰ ਟੁੱਟਣ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਅੱਜ ਮਾਝੇ ਅਤੇ ਦੁਬਾਏ ਦੇ ਕਈ ਜਿਲਿਆ ਵਿਚ ਮੀਂਹ ਪੈ ਰਿਹਾ ਹੈ ਪਰ ਰੋਪੜ ਅਤੇ ਮੁਹਾਲੀ ਜਿਲੇ ਵਿਚ ਅੱਜ ਬਚਾਅ ਹੈ। ਜਲੰਧਰ ਵਿਚ ਅੱਜ ਭਾਰੀ ਮੀਂਹ ਦੇਖਣ ਨੂੰ ਮਿਲਿਆ , ਮਾਝੇ ਅਤੇ ਦੁਆਬੇ ਨੰੂ ਜੋੜਨ ਵਾਲੇ ਅੰਮ੍ਰਿਤਸਰ ਅਤੇ ਚੰਡੀਗੜ ਹਾਈਵੇਅ ਤੇ ਆਵਾਜਾਈ ਵੀ ਪ੍ਰਭਾਵਿਤ ਨਜਰ ਆਈ, ਅੱਜ ਇਸ ਰੂਟ ਤੇ ਬਹੁਤ ਘੱਟ ਸਫਰ ਕਰਦੇ ਨਜਰ ਆਏ। ਜਿਸ ਨਾਲ ਹਾਈਵੇਅ ਖਾਲੀ ਜਾਪ ਰਿਹਾ ਸੀ।
ਸੋਮਵਾਰ ਸ਼ਾਮ 5 ਵਜੇ ਤੱਕ ਅੰਮ੍ਰਿਤਸਰ ਵਿੱਚ 20.6 ਮਿਲੀਮੀਟਰ, ਲੁਧਿਆਣਾ ਵਿੱਚ 7.2 ਮਿਲੀਮੀਟਰ, ਪਠਾਨਕੋਟ ਵਿੱਚ 37 ਮਿਲੀਮੀਟਰ, ਫਿਰੋਜ਼ਪੁਰ ਵਿੱਚ 55.5 ਮਿਲੀਮੀਟਰ, ਹੁਸ਼ਿਆਰਪੁਰ ਵਿੱਚ 20 ਮਿਲੀਮੀਟਰ, ਰੂਪਨਗਰ ਵਿੱਚ 5.5 ਮਿਲੀਮੀਟਰ ਅਤੇ ਮੋਹਾਲੀ ਵਿੱਚ 10.5 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ।
ਇਸ ਤੋਂ ਬਾਅਦ ਵੀ ਤਾਪਮਾਨ ਵਿੱਚ 1.2 ਡਿਗਰੀ ਵਾਧਾ ਹੋਇਆ, ਪਰ ਇਹ ਤਾਪਮਾਨ ਆਮ ਨਾਲੋਂ 2.4 ਡਿਗਰੀ ਘੱਟ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਮੋਹਾਲੀ ਵਿੱਚ ਅੰਮ੍ਰਿਤਸਰ ਦਾ ਵੱਧ ਤੋਂ ਵੱਧ ਤਾਪਮਾਨ 30.5 ਡਿਗਰੀ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਅੰਮ੍ਰਿਤਸਰ ਵਿੱਚ 25.4 ਡਿਗਰੀ, ਲੁਧਿਆਣਾ ਵਿੱਚ 25 ਡਿਗਰੀ, ਪਟਿਆਲਾ ਵਿੱਚ 30 ਡਿਗਰੀ, ਪਠਾਨਕੋਟ ਵਿੱਚ 24 ਡਿਗਰੀ ਅਤੇ ਬਠਿੰਡਾ ਵਿੱਚ 28.5 ਡਿਗਰੀ ਤਾਪਮਾਨ ਦਰਜ ਕੀਤਾ ਗਿਆ।
ਸੁਲਤਾਨਪੁਰ ਲੋਧੀ
ਸੁਲਤਾਨਪੁਰ ਲੋਧੀ ਦੇ ਪਿੰਡ ਆਹਲੀ ਕਲਾਂ ਵਿੱਚ ਦਰਿਆ ਦੇ ਟੱਟੇ ਬੰਨ ਕਾਰਨ ਕਿਸਾਨਾ ਦਾ ਦੁੱਖ ਦੇਖਿਆ ਨਹੀਂ ਜਾ ਰਿਹਾ ਸੀ। ਬਿਆਸ ਦਰਿਆ ਦੇ ਧੁੱਸੀ ਬੰਨ੍ਹ ਵਿੱਚ ਦਰਾਰ ਆ ਗਈ ਜਿਸ ਤੋਂ ਬਾਅਦ ਕਿਸਾਨਾਂ ਬਹੁਤ ਨਿਰਾਸ਼ ਤੇ ਚਿੰਤਤ ਨਜ਼ਰ ਆਏ। ਕਿਸਾਨ ਇਸ ਥਾਂ ‘ਤੇ ਬੰਨ੍ਹ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸਨ, ਪਰ ਹੁਣ ਇਸ ਦਰਾਰ ਕਾਰਨ ਹਜ਼ਾਰਾਂ ਏਕੜ ਵਿੱਚ ਖੜ੍ਹੀਆਂ ਫ਼ਸਲਾਂ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ।
ਫਾਜ਼ਿਲਕਾ ਦੇ ਭਾਰਤ-ਪਾਕਿਸਤਾਨ ਸਰਹੱਦੀ ਖੇਤਰ ਵਿੱਚ ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ। ਅਜਿਹੀ ਸਥਿਤੀ ਵਿੱਚ, ਪ੍ਰਸ਼ਾਸਨ ਨੇ ਅੱਜ ਸਾਰੇ ਸਕੂਲ 3 ਦਿਨਾਂ ਲਈ ਬੰਦ ਕਰ ਦਿੱਤੇ ਹਨ ਅਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਜਾਣ ਦੀ ਅਪੀਲ ਕੀਤੀ ਜਾ ਰਹੀ ਹੈ। ਜਦੋਂ ਕਿ ਸਤਲੁਜ ਪੁਲ ‘ਤੇ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ ਜੋ ਲੋਕਾਂ ਨੂੰ ਸਤਲੁਜ ਪੁਲ ‘ਤੇ ਨਹੀਂ ਆਉਣ ਦੇ ਰਹੇ ਹਨ।
ਸਾਰੇ ਜ਼ਿਲ੍ਹਿਆਂ ਵਿੱਚ ਮੀਂਹ ਲਈ ਅਲਰਟ ਜਾਰੀ
ਅੱਜ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਮੀਂਹ ਲਈ ਅਲਰਟ ਜਾਰੀ ਕੀਤਾ ਗਿਆ ਹੈ। ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਹੁਸ਼ਿਆਰਪੁਰ, ਰੂਪਨਗਰ, ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਵਿੱਚ ਮੀਂਹ ਲਈ ਸੰਤਰੀ ਅਲਰਟ ਜਾਰੀ ਕੀਤਾ ਗਿਆ ਹੈ। ਜਦੋਂ ਕਿ ਬਾਕੀ ਸਾਰੇ ਜ਼ਿਲ੍ਹਿਆਂ ਵਿੱਚ ਪੀਲਾ ਅਲਰਟ ਹੈ। ਇਸਦਾ ਮਤਲਬ ਹੈ ਕਿ ਪੂਰੇ ਸੂਬੇ ਵਿੱਚ ਆਮ ਨਾਲੋਂ ਵੱਧ ਮੀਂਹ ਪੈਣ ਦੀ ਸੰਭਾਵਨਾ ਹੈ।
ਦੂਜੇ ਪਾਸੇ, ਬੁੱਧਵਾਰ ਨੂੰ ਮੌਸਮ ਆਮ ਹੋਣ ਤੋਂ ਬਾਅਦ, 29 ਅਗਸਤ ਤੋਂ ਇੱਕ ਨਵਾਂ ਪੱਛਮੀ ਗੜਬੜੀ ਫਿਰ ਸਰਗਰਮ ਹੋ ਜਾਵੇਗਾ, ਜਿਸ ਤੋਂ ਬਾਅਦ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ ਅਤੇ ਰੂਪਨਗਰ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੋਵੇਗੀ।
ਗੁਰਦਾਸਪੁਰ ਦੇ ਦੀਨਾਨਗਰ ਦੇ ਪਿੰਡ ਉਗਰਾ ਨੇੜੇ ਧੁੱਸੀ ਬੰਨ੍ਹ ਦੋ ਥਾਵਾਂ ਤੋਂ ਟੁੱਟ ਗਿਆ ਹੈ, ਜਿਸ ਕਾਰਨ ਲੋਕ ਬਹੁਤ ਮੁਸ਼ਕਲ ਵਿੱਚ ਹਨ। ਜਿਨ੍ਹਾਂ ਇਲਾਕਿਆਂ ਵਿੱਚ ਪਾਣੀ ਭਰ ਰਿਹਾ ਹੈ, ਉੱਥੇ ਪ੍ਰਸ਼ਾਸਨ ਲੋਕਾਂ ਨੂੰ ਉੱਚੀਆਂ ਥਾਵਾਂ ‘ਤੇ ਜਾਣ ਦੀ ਅਪੀਲ ਕਰ ਰਿਹਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸਾਨੂੰ ਸਮਝ ਨਹੀਂ ਆ ਰਿਹਾ ਕਿ ਕੀ ਕਰੀਏ।
ਤਲਵੰਡੀ ਸਾਬੋ ਇਲਾਕੇ ’ਚ ਵੀ ਪਰਸੋਂ ਤੋਂ ਪੈ ਰਹੇ ਭਾਰੀ ਮੀਂਹ ਕਾਰਣ ਰਜਬਾਹਿਆਂ ’ਚ ਪਾਣੀ ਦੇ ਵਧੇ ਪੱਧਰ ਕਰਕੇ ਰਜਬਾਹਿਆਂ ਦੇ ਟੁੱਟਣ ਦਾ ਖਦਸ਼ਾ ਉਦੋਂ ਸੱਚ ਸਾਬਿਤ ਹੋ ਗਿਆ ਜਦੋਂ ਉੱਪ ਮੰਡਲ ਦੇ ਪਿੰਡ ਜੰਬਰ ਬਸਤੀ ਕੋਲ ਦੀ ਲੰਘਦੇ ਰਜਬਾਹੇ ’ਚ ਬੀਤੀ ਅੱਧੀ ਰਾਤ ਤੋਂ ਬਾਅਦ ਪਾੜ ਪੈ ਗਿਆ। ਜਦੋਂ ਤੱਕ ਪਿੰਡ ਦੇ ਲੋਕਾਂ ਨੂੰ ਪਾੜ ਦਾ ਪਤਾ ਲੱਗਾ ਉਦੋਂ ਤੱਕ ਰਜਬਾਹੇ ਚ ਪਾੜ ਵਧ ਕੇ ਕਰੀਬ 20 ਫੁੱਟ ਚੌੜਾ ਹੋ ਗਿਆ। ਰਜਬਾਹੇ ’ਚ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਹੋਣ ਕਾਰਣ ਪਾਣੀ ਤੇਜ਼ੀ ਨਾਲ ਖ਼ੇਤਾਂ ’ਚ ਵੜਨ ਲੱਗਾ ਅਤੇ ਸਵੇਰ ਤੱਕ ਕਰੀਬ 100 ਏਕੜ ਰਕਬੇ ’ਚ ਪਾਣੀ ਭਰਨ ਕਰਕੇ ਝੋਨੇ ਦੀ ਫ਼ਸਲ ਦੇ ਖਰਾਬ ਹੋਣ ਦਾ ਖਦਸ਼ਾ ਬਣ ਗਿਆ ਹੈ। ਪਿੰਡ ਵਾਸੀ ਜੇ. ਸੀ. ਬੀ. ਅਤੇ ਹੋਰ ਸਾਧਨਾਂ ਰਾਹੀਂ ਜ਼ੋਰ ਸ਼ੋਰ ਨਾਲ ਪਾੜ ਨੂੰ ਪੂਰਨ ’ਚ ਲੱਗ ਗਏ ਹਨ।\
ਰਣਜੀਤ ਸਾਗਰ ਡੈਮ ਅਤੇ ਭਾਖੜਾ ਡੈਮ
ਦੂਜੇ ਪਾਸੇ ਰਣਜੀਤ ਸਾਗਰ ਡੈਮ ਅਤੇ ਭਾਖੜਾ ਡੈਮ ਦੇ ਵਧਦੇ ਪਾਣੀ ਦੇ ਪੱਧਰ ਕਾਰਨ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਹੈ। ਜਿਸ ਕਾਰਨ ਤਿੰਨੋਂ ਦਰਿਆਵਾਂ ਰਾਵੀ, ਸਤਲੁਜ ਅਤੇ ਬਿਆਸ ਵਿੱਚ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ। ਹੜ੍ਹ ਦੀ ਸਥਿਤੀ ਨੂੰ ਦੇਖਦੇ ਹੋਏ, ਜਲੰਧਰ, ਕਪੂਰਥਲਾ, ਪਠਾਨਕੋਟ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਦੇ ਨਾਲ-ਨਾਲ ਅੰਮ੍ਰਿਤਸਰ ਦੇ ਅਜਨਾਲਾ ਅਤੇ ਰਈਆ ਬਲਾਕਾਂ ਦੇ ਸਕੂਲ ਅੱਜ ਬੰਦ ਕਰ ਦਿੱਤੇ ਗਏ ਹਨ। ਫਾਜ਼ਿਲਕਾ ਦੇ 20 ਹੜ੍ਹ ਪ੍ਰਭਾਵਿਤ ਪਿੰਡਾਂ ਦੇ ਸਕੂਲ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤੇ ਗਏ ਹਨ।
ਰਣਜੀਤ ਸਾਗਰ ਡੈਮ ਤੋਂ ਛੱਡੇ ਗਏ ਪਾਣੀ ਕਾਰਨ ਰਾਵੀ ਵਿੱਚ ਹੜ੍ਹ ਆ ਗਿਆ ਹੈ। ਜਿਸ ਕਾਰਨ ਪਠਾਨਕੋਟ ਵਿੱਚ ਸਥਿਤੀ ਵਿਗੜ ਗਈ ਹੈ। ਗੁਰਦਾਸਪੁਰ ਦੇ ਮਕੋਰਾ ਪੱਟਨ ਦੇ 7 ਪਿੰਡਾਂ ਦਾ ਦੇਸ਼ ਨਾਲੋਂ ਸੰਪਰਕ ਟੁੱਟ ਗਿਆ ਹੈ।
ਇਸ ਦੇ ਨਾਲ ਹੀ ਭਾਖੜਾ ਡੈਮ ਤੋਂ ਛੱਡੇ ਗਏ ਪਾਣੀ ਦਾ ਪ੍ਰਭਾਵ ਸਤਲੁਜ ਵਿੱਚ ਦੇਖਿਆ ਜਾ ਰਿਹਾ ਹੈ। ਹਾਲਾਂਕਿ, ਸਤਲੁਜ ਦੇ ਪਾਣੀ ਦਾ ਪੱਧਰ ਵੀ ਵੱਧ ਰਿਹਾ ਹੈ। ਹਰੀਕੇ ਹੈੱਡ ਵਰਕਸ ਤੋਂ ਛੱਡੇ ਗਏ ਪਾਣੀ ਦਾ ਪ੍ਰਭਾਵ ਤਰਨਤਾਰਨ, ਫਿਰੋਜ਼ਪੁਰ ਅਤੇ ਫਾਜ਼ਿਲਕਾ ਖੇਤਰਾਂ ਵਿੱਚ ਦੇਖਿਆ ਗਿਆ ਹੈ।