‘ਦ ਖ਼ਾਲਸ ਬਿਊਰੋ :- ਪਟਿਆਲਾ ਸਥਿਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਨਿਊ ਮੋਤੀ ਮਹਿਲ ‘ਚ ਅੱਜ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਮਾਸਟਰ ਮੋਟੀਵੇਟਰਾਂ ਵੱਲੋਂ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਤੋਂ ਬਾਅਦ ਪੁਲੀਸ ਵੱਲੋਂ ਇਸ ਜਥੇਬੰਦੀ ‘ਤੇ ਲਾਠੀਚਾਰਜ ਕੀਤਾ ਗਿਆ। ਪੁਲਿਸ ਨੇ 25 ਦੇ ਕਰੀਬ ਸੰਘਰਸ਼ਕਾਰੀਆਂ ਨੂੰ ਗ੍ਰਿਫ਼ਤਾਰ ਕਰਕੇ ਵੱਖ-ਵੱਖ ਥਾਣਿਆਂ ਵਿੱਚ ਲੈ ਗਈ ਹੈ।
ਇਸ ਧਰਨੇ ਦੇ ਮੁਖੀ ਪ੍ਰਧਾਨ ਗੁਰਪ੍ਰੀਤ ਸਿੰਘ ਤੇ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਨੂੰ ਪੁਲੀਸ ਨੇ ਕਾਫ਼ੀ ਕੁੱਟਿਆ। ਪੁਲਿਸ ਵੱਲੋਂ ਲਾਠੀਚਾਰਚ ਕਰਨ ਤੇ ਗ੍ਰਿਫ਼ਤਾਰ ਕਰਨ ਮਗਰੋਂ ਮੋਟੀਵੇਟਰ ਯੂਨੀਅਨ ਵੱਲੋਂ ਕੱਲ੍ਹ 3 ਸਤੰਬਰ ਨੂੰ ਪੱਕਾ ਸੰਘਰਸ਼ ਕਰਨ ਦਾ ਐਲਾਨ ਕਰ ਦਿੱਤਾ ਹੈ। ਇਸ ਸਬੰਧ ‘ਚ ਵੱਖ – ਵੱਖ ਜਥੇਬੰਦੀਆਂ ਵੱਲੋਂ ਪੰਜਾਬ ਪੁਲੀਸ ਤੇ ਪੰਜਾਬ ਸਰਕਾਰ ਦੀ ਨਿਖੇਧੀ ਕੀਤੀ ਜਾ ਰਹੀ ਹੈ।
ਦੱਸਣਯੋਗ ਹੈ ਕਿ ਮੋਟੀਵੇਟਰ ਯੂਨੀਅਨ ਵੱਲੋਂ ਪਟਿਆਲਾ ਦੇ ਗੁਰਦੁਆਰਾ ਦੂਖਨਿਵਾਰਨ ਸਾਹਿਬ ਦੇ ਨੇੜੇ 11 ਵਜੇ ਇਕੱਠੇ ਹੋਣ ਦਾ ਸੱਦਾ ਦਿੱਤਾ ਗਿਆ ਸੀ, ਅਤੇ ਇੱਥੋ ਮਾਰਚ ਸ਼ੁਰੂ ਕਰਦੇ ਹੋਏ ਮੋਤੀ ਮਹਿਲ ਦੇ ਨਜ਼ਦੀਕ ਪੁੱਜਣਾ ਸੀ। ਮੋਟੀਵੇਟਰ ਧਰਨਾ ਲਾ ਕੇ ਬੈਠ ਗਏ ਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦੇ ਰਹੇ। ਪੁਲੀਸ ਨੇ ਮੋਟੀਵੇਟਰਾਂ ਨਾਲ ਖਿੱਚਧੂਹ ਕੀਤੀ ਅਤੇ ਉਨ੍ਹਾਂ ’ਤੇ ਡਾਂਗਾਂ ਵਰ੍ਹਾ ਦਿੱਤੀਆਂ। ਇਸ ਵੇਲੇ ਸੂਬਾ ਸਕੱਤਰ ਘਨਸ਼ਾਮ ਭਾਰਤੀ, ਬਲਜੀਤ ਸਿੰਘ, ਨਿਰਮਲ ਸਿੰਘ, ਮਹਿੰਦਰ ਸਿੰਘ, ਸਵੀਰ, ਜਗਸ਼ੀਰ, ਰਾਜਾ ਮੁਕਤਸਰ, ਜਸਬੀਰ ਫ਼ਰੀਦਕੋਟ, ਹਰਦੀਪ ਹੁਸ਼ਿਆਰਪੁਰ ਨੂੰ ਹਿਰਾਸਤ ‘ਚ ਲੈ ਲਿਆ ਗਿਆ।