‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਅਮਰੀਕੀ ਖੁਫੀਆ ਏਜੰਸੀਆਂ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤ ਉਨ੍ਹਾਂ ਦੇਸ਼ਾਂ ਵਿੱਚੋਂ ਇਕ ਹੈ ਜਿੱਥੇ ਜਲਵਾਯੂ ਪਰਿਵਰਤਨ ਦਾ ਸਭ ਤੋਂ ਵਧ ਅਸਰ ਪਵੇਗਾ। ਇਸ ਦੇ ਮਾੜੇ ਪ੍ਰਭਾਵਾਂ ਨਾਲ ਲੜਨਾ ਮੁਸ਼ਕਿਲ ਹੋ ਜਾਵੇਗਾ।
ਇਸ ਸੰਬੰਧ ਵਿਚ ਜਾਰੀ ਰਿਪੋਰਟ ਵਿਚ ਭਾਰਤ ਤੋਂ ਇਲਾਵਾ ਅਫਗਾਨਿਸਤਾਨ ਤੇ ਪਾਕਿਸਤਾਨ ਵੀ ਸੰਵੇਦਨਸ਼ੀਲ ਦੇਸ਼ਾਂ ਦੀ ਸੂਚੀ ਵਿਚ ਸ਼ਾਮਿਲ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਨ੍ਹਾਂ ਦੇਸ਼ਾਂ ਕੋਲ ਜਲਵਾਯੂ ਦੇ ਅਸਰ ਨਾਲ ਲੜਨ ਦੀ ਕੋਈ ਤਿਆਰੀ ਨਹੀਂ ਹੈ। ਅਮਰੀਕਾ ਦੇ ਆਫਿਸ ਆਫ ਨੇਸ਼ਨਲ ਇੰਟੇਲੀਜੈਂਸ ਦਾ ਇਹ ਅਨੁਮਾਨ ਵੀ ਹੈ ਕਿ ਗਲੋਬਲ ਵਾਰਮਿੰਗ ਦੀ ਵਜ੍ਹਾ ਨਾਲ ਭੂ-ਰਾਜਨੀਤਿਕ ਤਣਾਅ ਵੀ ਵਧੇਗਾ।
ਇਹ ਹਨ ਉਹ ਦੇਸ਼
ਇਸ ਰਿਪੋਰਟ ਵਿਚ ਭਾਰਤ, ਪਾਕਿਸਤਾਨ, ਅਫਗਾਨਿਸਤਾਨ, ਮੀਆਂਮਾਰ, ਇਰਾਕ, ਉੱਤਰ ਕੋਰੀਆ, ਗਲਾਟੇਮਾਲਾ, ਹੈਤੀ, ਹੋਂਡਾਰਸ, ਨਿਕਾਰਾਗੁਆ ਤੇ ਕੋਲੰਬੀਆ ਨੂੰ ਚਿੰਤਾਜਨਕ ਦੇਸ਼ਾਂ ਦੀ ਸ਼੍ਰੇਣੀ ਵਿਚ ਸ਼ਾਮਿਲ ਕੀਤਾ ਗਿਆ ਹੈ। ਸਮਾਚਾਰ ਏਜੰਸੀ ਰਾਇਟਰਸ ਦੇ ਅਨੁਸਾਰ ODNI ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਹੈ ਕਿ ਵਧ ਰਹੇ ਤਾਪਮਾਨ, ਪਾਣੀ ਦੀ ਘਾਟ ਤੇ ਸਰਕਾਰ ਦੇ ਸੁਸਤੀ ਕਾਰਨ ਅਫਗਾਨਿਸਤਾਨ ਦੀ ਸਥਿਤੀ ਬੇਹੱਦ ਖਰਾਬ ਹੈ।
ਉਨ੍ਹਾਂ ਕਿਹਾ ਕਿ ਭਾਰਤ ਸਣੇ ਦੱਖਣੀ ਦੇਸ਼ ਪਾਣੀ ਦੀ ਲੜਾਈ ਲੜਨਗੇ ਤੇ ਇਹ ਭੂ-ਰਾਜਨੀਤੀਕਰਣ ਕਾਰਨ ਇਹ ਸਾਰਾ ਕੁੱਝ ਵਾਪਰੇਗਾ। ਰਿਪੋਰਟ ਮੁਤਾਬਿਕ ਜਲਵਾਯੂ ਪਰਿਵਰਤਨ ਦੇ ਕਾਰਣ ਮੱਧ ਅਫਰੀਕਾ ਤੇ ਪ੍ਰਸ਼ਾਂਤ ਖੇਤਰ ਵਿੱਚ ਛੋਟੇ ਦੇਸ਼ਾਂ ਵਿਚ ਅਸਥਿਰਤਾ ਦਾ ਖਤਰਾ ਵਧ ਜਾਵੇਗਾ। ਇਸਦਾ ਅਸਰ ਦੇਸ਼ ਦੇ ਸਭ ਤੋਂ ਗਰੀਬ ਦੇਸ਼ਾਂ ਉੱਤੇ ਪਵੇਗਾ।