ਬਿਉਰੋ ਰਿਪੋਰਟ : ਵਾਰਿਸ ਪੰਜਾਬ ਦੇ ਮੁੱਖੀ ਦੇ ਪਰਿਵਾਰ ਨੇ ਭੁੱਖ ਹੜ੍ਹਤਾਲ ਖਤਮ ਕਰ ਦਿੱਤੀ ਹੈ ਹਾਲਾਂਕਿ ਧਰਨਾ ਜਾਰੀ ਰਹੇਗਾ । ਸੰਗਤਾਂ ਦੀ ਮੰਗ ‘ਤੇ ਸ੍ਰੀ ਅਕਾਲ ਤਖਤ ਦੇ ਹੁਕਮਾਂ ਤੋਂ ਬਾਅਦ ਪਰਿਵਾਰ ਨੇ ਇਹ ਫੈਸਲਾ ਲਿਆ ਹੈ । ਪਰਿਵਾਰ 22 ਫਰਵਰੀ ਤੋਂ ਅੰਮ੍ਰਿਤਸਰ ਦੀ ਹੈਰੀਟੇਜ ਸਟ੍ਰੀਟ ‘ਤੇ ਭੁੱਖ ਹੜਤਾਲ ‘ਤੇ ਬੈਠਾ ਸੀ । ਪਰਿਵਾਰ ਦੇ ਵੱਲੋਂ ਬੀਤੇ ਦਿਨੀ ਐਤਵਾਰ ਨੂੰ ਪੰਥਕ ਇਕੱਠ ਦੇ ਲਈ ਸੱਦਾ ਦਿੱਤਾ ਗਿਆ ਸੀ ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਧਰਨੇ ਵਾਲੀ ਥਾਂ ‘ਤੇ ਪਹੁੰਚੇ ਸੀ । ਸੰਗਤ ਨੇ ਲਿਖਿਤ ਤੌਰ ‘ਤੇ ਪਰਿਵਾਰ ਨੂੰ ਭੁੱਖ ਹੜ੍ਹਤਾਲ ਖਤਮ ਕਰਨ ਦੀ ਮੰਗ ਕੀਤੀ ਸੀ । ਸੰਗਤ ਦੇ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਮੰਗ ਕੀਤੀ ਗਈ ਸੀ ਕਿ ਪਰਿਵਾਰ ਦੀ ਭੁੱਖ ਹੜ੍ਹਤਾਲ ਨੂੰ ਖਤਮ ਕਰਵਾਇਆ ਜਾਵੇ । ਜਿਸ ਦੇ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ‘ਤੇ ਪਰਿਵਾਰ ਨੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕ ਕੇ ਕੜਾ ਪ੍ਰਸ਼ਾਦ ਛੱਕ ਕੇ ਭੁੱਖ ਹੜ੍ਹਤਾਲ ਖਤਮ ਕੀਤੀ ਹੈ ।
ਪਰਿਵਾਰ ਦੇ ਵੱਲੋਂ ਵਾਰਿਸ ਪੰਜਾਬ ਦੇ ਮੁੱਖੀ ਅਤੇ ਉਨ੍ਹਾਂ ਦੇ ਸਾਥੀਆਂ ਦੀ ਭੁੱਖ ਹੜ੍ਹਤਾਲ ਖਤਮ ਕਰਨ ਦੇ ਲਈ ਸ੍ਰੀ ਅਕਾਲ ਤਖਤ ਸਾਹਿਬ ਤੋਂ 5 ਗੁਰਸਿੱਖਾਂ ਦਾ ਜੱਥਾ ਭੇਜਣ ਦੀ ਅਪੀਲ ਕੀਤੀ ਹੈ । ਵਾਰਿਸ ਪੰਜਾਬ ਦੇ ਮੁੱਖੀ ਦੀ ਮਾਂ ਦੇ ਮੁਤਾਬਿਕ ਸ੍ਰੀ ਅਕਾਲ ਤਖਤ ਸਾਹਿਬ ਦਾ ਆਦੇਸ਼ ਸਾਰਿਆਂ ਦੇ ਲਈ ਜ਼ਰੂਰੀ ਹੈ । ਉਨ੍ਹਾਂ ਨੂੰ ਉਮੀਦ ਹੈ ਕਿ ਬੰਦੀ ਸਿੰਘ ਵੀ ਉਨ੍ਹਾਂ ਦਾ ਆਦੇਸ਼ ਜ਼ਰੂਰ ਮੰਨਣਗੇ । ਪਰਿਵਾਰ ਨੇ ਅਪੀਲ ਕੀਤੀ ਹੈ ਕਿ ਸਾਰੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਅਪ੍ਰੈਲ ਵਿੱਚ ਬੰਦੀ ਛੋੜ ਅਰਦਾਸ ਮਾਰਚ ਸ਼ੁਰੂ ਕੀਤਾ ਜਾਵੇ। ਇਹ ਮਾਰਚ ਸ੍ਰੀ ਦਮਦਮਾ ਸਾਹਿਬ,ਸ੍ਰੀ ਫਤਿਹਗੜ੍ਹ ਸਾਹਿਬ,ਸ੍ਰੀ ਆਨੰਦਪੁਰ ਸਾਹਿਬ ਹੁੰਦੇ ਹੋਏ ਸ੍ਰੀ ਅਕਾਲ ਤਖਤ ਆਕੇ ਸਮਾਪਤ ਹੋਏ ।
ਪਰਿਵਾਰ ਦੇ ਵੱਲੋਂ ਅੰਮ੍ਰਿਤਸਰ ਦੀ ਹੈਰੀਟੇਜ ਸਟ੍ਰੀਟ ‘ਤੇ ਧਰਨਾ ਜਾਰੀ ਰਹੇਗਾ । ਉਨ੍ਹਾਂ ਦਾ ਕਹਿਣਾ ਹੈ ਕਿ ਸੰਗਤ ਦੀ ਗੱਲ ਨੂੰ ਮੰਨ ਕੇ ਅਸੀਂ ਭੁੱਖ ਹੜ੍ਹਤਾਲ ਖਤਮ ਕੀਤੀ ਹੈ । ਪਰ ਧਰਨਾ ਖਤਮ ਕਰਨ ਦੀ ਸਲਾਹ ਵੀ ਸੰਗਤ ਕੋਲੋ ਲਈ ਜਾਵੇਗੀ ਅਤੇ ਜੋ ਵੀ ਫੈਸਲਾ ਹੋਵੇਗਾ ਉਸ ਨੂੰ ਮੰਨਿਆ ਜਾਵੇਗਾ ।
ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਵਾਰਿਸ ਪੰਜਾਬ ਦੇ ਮੁੱਖੀ ਅਤੇ ਉਨ੍ਹਾਂ ਦੇ ਸਾਥੀਆਂ ਦੀ ਬੈਰਕ ਤੋਂ ਸੀਸੀਟੀਵੀ ਕੈਮਰੇ ਦੀ ਖਬਰ ਦੇ ਬਾਅਦ ਤੋਂ ਭੁੱਖ ਹੜ੍ਹਤਾਲ ਚੱਲ ਰਹੀ ਹੈ । ਪਹਿਲਾਂ ਜੇਲ੍ਹ ਵਿੱਚ ਬੰਦ ਸਿੰਘਾਂ ਨੇ ਭੁੱਖ ਹੜ੍ਹਤਾਲ ਕੀਤੀ ਅਤੇ ਫਿਰ ਅੰਮ੍ਰਿਤਸਰ ਵਿੱਚ ਉਨ੍ਹਾਂ ਦੇ ਪਰਿਵਾਰਾਂ ਦੇ ਵੱਲੋਂ ਭੁੱਖ ਹੜ੍ਹਤਾਲ ਸ਼ੁਰੂ ਕੀਤੀ ਗਈ । ਪਰਿਵਾਰ ਅਤੇ ਜੇਲ੍ਹ ਵਿੱਚ ਬੰਦ ਸਿੰਘ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਤੋਂ ਪੰਜਾਬ ਸ਼ਿਫਟ ਕਰਨ ਦੀ ਮੰਗ ਕਰ ਰਹੇ ਹਨ ।