ਚੰਡੀਗੜ੍ਹ : ਅਗਲੇ ਦੋ ਤੋਂ ਤਿੰਨ ਘੰਟਿਆਂ ਦੌਰਾਨ ਪੰਜਾਬ ਦੇ ਕੁਝ ਜਿਲ੍ਹਿਆਂ ਵਿੱਚ ਗਰਜ ਚਮਕ ਨਾਲ ਮੀਂਹ ਅਤੇ ਤੇਜ਼ ਹਵਾਵਾਂ ਚੱਲਣਗੀਆਂ। ਇੰਨ੍ਹਾਂ ਜਿਲ੍ਹਿਆਂ ਵਿੱਚ ਤਰਨਤਾਰਨ, ਕਪੂਰਥਲਾ, ਜਲੰਧਰ, ਲੁਧਿਆਣਾ, ਸੰਗਰੂਰ , ਫ਼ਤਹਿਗੜ੍ਹ ਸਾਹਿਬ, ਪਟਿਆਲਾ , ਮਾਨਸਾ , ਬਰਨਾਲਾ, ਮੋਗਾ , ਬਠਿੰਡਾ, ਫਿਰੋਜ਼ਪੁਰ, ਫਰੀਦਕੋਟ, ਮੁਕਤਸਰ ਅਤੇ ਫਾਜ਼ਿਲਕਾ ਸ਼ਾਮਲ ਹਨ।
ਇੰਨਾ ਹੀ ਨਹੀਂ ਕਿਤੇ ਕਿਤੇ ਗੜੇ ਪੈਣ ਦੀ ਸੰਭਵਾਨਾ ਜਤਾਈ ਗਈ ਹੈ। ਇਸਦੇ ਨਾਲ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਹਨ। ਖ਼ਾਸ ਗੱਲ ਇਹ ਹੈ ਕਿ 24 ਮਾਰਚ ਨੂੰ ਭਰਵੇਂ ਮੀਂਹ ਦੇ ਨਾਲ ਝੱਖਣ ਆਉਣ ਦੀ ਵੀ ਸੰਭਾਵਨਾ ਵੀ ਜਤਾਈ ਗਈ ਹੈ। ਮਾਝਾ ਖੇਤਰ ਦੇ ਪਠਾਨਕੋਟ, ਤਰਨਤਾਰਨ, ਗੁਰਦਾਸਪੁਰ ਅੰਮ੍ਰਿਤਸਰ ਅਤੇ ਹੁਸ਼ਿਆਰਪੁਰ ਵਿੱਚ ਭਾਰੀ ਮੀਂਹ ਪੈਣ ਦੀ ਚੇਤਾਵਨੀ ਹੈ। ਇਸ ਦਿਨ ਅੱਠ ਡਿਗਰੀ ਤਾਪਮਾਨ ਡਿੱਗ ਕੇ 22 ਡਿਗਰੀ ਸੈਲਸੀਐਸ ਆ ਜਾਵੇਗਾ। ਜਦਕਿ ਉਸ ਤੋਂ ਬਾਅਦ 25 ਮਾਰਚ ਨੂੰ ਪੰਜਾਬ ਵਿੱਚ ਕਿਤੇ ਕਿਤੇ ਹਲਕਾ ਮੀਂਹ ਰਹਿ ਸਕਦਾ ਹੈ ਅਤੇ 26 ਮਾਰਚ ਨੂੰ ਮੌਸਮ ਖੁਸ਼ਕ ਰਹੇਗਾ।
ਮੌਸਮ ਵਿਭਾਗ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਅਗਲੇ ਦੋ ਦਿਨ ਯਾਨੀ 23 ਅਤੇ 24 ਮਾਰਚ ਨੂੰ ਖੇਤੀਬਾੜੀ ਨਾਲ ਜੁੜੇ ਕੰਮ ਮੁਲਤਬੀ ਕਰ ਦਿੱਤੇ ਜਾਣ । ਪੱਕ ਕੇ ਤਿਆਰ ਖੜੀ ਫਸਲ ਨੂੰ ਕੱਟ ਕੇ ਸੁਰਖਿਅਤ ਜਗ੍ਹਾ ਉੱਤੇ ਸਾਂਭ ਦਿੱਤੀ ਜਾਵੇ। 26 ਮਾਰਚ ਤੋਂ ਬਾਅਦ ਮੌਸਮ ਸਾਫ ਰਹੇਗਾ ਅਤੇ ਮੁੜ ਤੋਂ ਮੁਲਤਬੀ ਕੀਤੇ ਖੇਤੀਬਾੜੀ ਨਾਲ ਜੁੜੇ ਸੁਰੂ ਕੀਤਾ ਜਾ ਸਕਦੇ ਹਨ।
ਦੱਸ ਦੇਈਏ ਕਿ ਪਿਛਲੇ ਦਿਨਾਂ ਤੋਂ ਰੁਕ ਰੁਕ ਪੈ ਰਹੇ ਮੀਂਹ ਅਤੇ ਵਿਚ ਦੀਆਂ ਚੱਲੀਆਂ ਤੇਜ਼ ਹਵਾਵਾਂ ਨੇ ਪੰਜਾਬ ਵਿੱਚ ਕਣਕ ਦੀ ਫਸਲ ਨੂੰ ਵਿਛਾ ਦਿੱਤਾ ਹੈ। ਨੁਕਸਾਨ ਦਾ ਜਾਇਜ਼ਾ ਲੈਣ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਗਿਰਦਾਵਰੀ ਕਰਵਾਉਣ ਦੇ ਵੀ ਹੁਕਮ ਜਾਰੀ ਕੀਤੇ ਹਨ। ਰਿਪੋਰਟ ਆਉਣ ਤੋਂ ਬਾਅਦ ਪੀੜਤ ਕਿਸਾਨਾਂ ਨੂੰ ਢੁਕਵਾਂ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ।