ਦਿੱਲੀ : ਵਕਫ਼ ਸੋਧ ਬਿੱਲ 2025 ਅੱਜ ਲੋਕ ਸਭਾ ਵਿੱਚ ਪੇਸ਼ ਕੀਤਾ ਜਾਵੇਗਾ। ਇਹ ਬਿੱਲ ਪ੍ਰਸ਼ਨ ਕਾਲ ਤੋਂ ਬਾਅਦ ਦੁਪਹਿਰ 12 ਵਜੇ ਸਦਨ ਵਿਚ ਪੇਸ਼ ਕੀਤਾ ਜਾਵੇਗਾ। ਸਪੀਕਰ ਓਮ ਬਿਰਲਾ ਨੇ ਇਸ ’ਤੇ ਚਰਚਾ ਲਈ 8 ਘੰਟੇ ਦਾ ਸਮਾਂ ਰੱਖਿਆ ਹੈ। ਇਸ ਵਿਚੋਂ 4 ਘੰਟੇ 40 ਮਿੰਟ ਐਨ.ਡੀ.ਏ. ਨੂੰ ਦਿੱਤੇ ਗਏ ਹਨ, ਬਾਕੀ ਸਮਾਂ ਵਿਰੋਧੀ ਧਿਰ ਨੂੰ ਦਿੱਤਾ ਗਿਆ ਹੈ।
ਚੰਦਰਬਾਬੂ ਨਾਇਡੂ ਦੀ ਤੇਲਗੂ ਦੇਸ਼ਮ ਪਾਰਟੀ (ਟੀ.ਡੀ.ਪੀ.) ਅਤੇ ਨਿਤੀਸ਼ ਕੁਮਾਰ ਦੀ ਜਨਤਾ ਦਲ ਯੂਨਾਈਟਿਡ (ਜੇ.ਡੀ.ਯੂ.) ਨੇ ਬਿੱਲ ਨੂੰ ਆਪਣਾ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਦੋਵਾਂ ਪਾਰਟੀਆਂ ਨੇ ਆਪਣੇ ਸਾਰੇ ਸੰਸਦ ਮੈਂਬਰਾਂ ਨੂੰ ਸਦਨ ਵਿਚ ਮੌਜੂਦ ਰਹਿਣ ਲਈ ਵਹਿਪ ਜਾਰੀ ਕੀਤਾ ਹੈ। ਦੂਜੇ ਪਾਸੇ, ਵਿਰੋਧੀ ਧਿਰ ਬਿੱਲ ਦੇ ਵਿਰੁੱਧ ਹੈ। ਤਾਮਿਲਨਾਡੂ ਦੀ ਏ.ਆਈ.ਏ.ਡੀ.ਐਮ.ਕੇ., ਨਵੀਨ ਪਟਨਾਇਕ ਦੀ ਬੀਜੂ ਜਨਤਾ ਦਲ ਅਤੇ ਕੇ. ਚੰਦਰਸ਼ੇਖਰ ਰਾਓ ਦੀ ਭਾਰਤ ਰਾਸ਼ਟਰ ਸਮਿਤੀ ਵਰਗੀਆਂ ਨਿਰਪੱਖ ਪਾਰਟੀਆਂ ਵੀ ਇਸ ਮਾਮਲੇ ਵਿਚ ਵਿਰੋਧੀ ਧਿਰ ਦੇ ਨਾਲ ਹਨ।
ਕੱਲ੍ਹ, ਇੰਡੀਆ ਬਲਾਕ ਦੀਆਂ ਪਾਰਟੀਆਂ ਨੇ ਸੰਸਦ ਭਵਨ ਵਿਚ ਇਕ ਮੀਟਿੰਗ ਕੀਤੀ ਅਤੇ ਬਿੱਲ ’ਤੇ ਆਪਣੀ ਰਣਨੀਤੀ ’ਤੇ ਚਰਚਾ ਕੀਤੀ। ਇਸ ਤੋਂ ਇਲਾਵਾ ਵਿਰੋਧੀ ਧਿਰ ਨੇ ਚਰਚਾ ਦਾ ਸਮਾਂ ਵਧਾ ਕੇ 12 ਘੰਟੇ ਕਰਨ ਦੀ ਮੰਗ ਕੀਤੀ ਹੈ। ਇਸ ’ਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਕਿਹਾ ਕਿ ਚਰਚਾ ਦਾ ਸਮਾਂ ਵਧਾਇਆ ਜਾ ਸਕਦਾ ਹੈ।