India

ਵਕਫ਼ ਸੋਧ ਬਿੱਲ ਲੋਕ ਸਭਾ ਵਿੱਚ ਪਾਸ, ਹੱਕ ਵਿੱਚ 288 ਵੋਟਾਂ, ਵਿਰੋਧ ਵਿੱਚ 232 ਵੋਟਾਂ

ਬੁੱਧਵਾਰ ਨੂੰ ਲੋਕ ਸਭਾ ਵਿੱਚ 12 ਘੰਟੇ ਦੀ ਚਰਚਾ ਤੋਂ ਬਾਅਦ ਵਕਫ਼ ਸੋਧ ਬਿੱਲ ਪਾਸ ਹੋ ਗਿਆ। ਸਵੇਰੇ 2 ਵਜੇ ਹੋਈ ਵੋਟਿੰਗ ਵਿੱਚ 520 ਸੰਸਦ ਮੈਂਬਰਾਂ ਨੇ ਹਿੱਸਾ ਲਿਆ। 288 ਨੇ ਹੱਕ ਵਿੱਚ ਅਤੇ 232 ਨੇ ਵਿਰੋਧ ਵਿੱਚ ਵੋਟ ਪਾਈ।

ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਕਿਰੇਨ ਰਿਜੀਜੂ ਨੇ ਇਸਨੂੰ UMEED (ਯੂਨੀਫਾਈਡ ਵਕਫ਼ ਮੈਨੇਜਮੈਂਟ ਐਂਪਾਵਰਮੈਂਟ, ਐਫੀਸ਼ੀਐਂਸੀ ਐਂਡ ਡਿਵੈਲਪਮੈਂਟ) ਦਾ ਨਾਮ ਦਿੱਤਾ ਹੈ। ਇਹ ਬਿੱਲ ਅੱਜ ਰਾਜ ਸਭਾ ਵਿੱਚ ਪੇਸ਼ ਕੀਤਾ ਜਾਵੇਗਾ।

ਚਰਚਾ ਦੌਰਾਨ ਏਆਈਐਮਆਈਐਮ ਦੇ ਸੰਸਦ ਮੈਂਬਰ ਅਸਦੁਦੀਨ ਓਵੈਸੀ ਨੇ ਬਿੱਲ ਨੂੰ ਪਾੜ ਦਿੱਤਾ। ਉਨ੍ਹਾਂ ਕਿਹਾ – ਇਸ ਬਿੱਲ ਦਾ ਮਕਸਦ ਮੁਸਲਮਾਨਾਂ ਨੂੰ ਜ਼ਲੀਲ ਕਰਨਾ ਹੈ। ਮੈਂ ਗਾਂਧੀ ਵਾਂਗ ਵਕਫ਼ ਬਿੱਲ ਪਾੜ ਦਿੰਦਾ ਹਾਂ।

ਬਿੱਲ ‘ਤੇ ਚਰਚਾ ਦੌਰਾਨ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਵਕਫ਼ ਵਿੱਚ ਗੈਰ-ਇਸਲਾਮਿਕ ਚੀਜ਼ਾਂ ਸ਼ਾਮਲ ਨਹੀਂ ਕੀਤੀਆਂ ਜਾਣਗੀਆਂ। ਅਜਿਹਾ ਕੋਈ ਪ੍ਰਬੰਧ ਵੀ ਨਹੀਂ ਹੈ। ਵੋਟ ਬੈਂਕ ਲਈ ਘੱਟ ਗਿਣਤੀਆਂ ਨੂੰ ਡਰਾਇਆ ਜਾ ਰਿਹਾ ਹੈ।

ਬਿੱਲ ‘ਤੇ ਚਰਚਾ ਅਤੇ ਵੋਟਿੰਗ ਤੋਂ ਬਾਅਦ, ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮਨੀਪੁਰ ਵਿੱਚ ਰਾਸ਼ਟਰਪਤੀ ਸ਼ਾਸਨ ਲਗਾਉਣ ਦਾ ਪ੍ਰਸਤਾਵ ਰੱਖਿਆ, ਜਿਸ ਨੂੰ ਸਦਨ ਨੇ ਆਵਾਜ਼ੀ ਵੋਟ ਨਾਲ ਪਾਸ ਕਰ ਦਿੱਤਾ।